ਕਿਸਾਨਾਂ ਨੂੰ ਰਾਹਤ, 1 ਕਰੋੜ ਰੁਪਏ ਤੋਂ ਜ਼ਿਆਦਾ ਕੈਸ਼ ਪੇਮੈਂਟ ''ਤੇ ਨਹੀਂ ਕੱਟੇਗਾ TDS

09/17/2019 4:18:10 PM

ਨਵੀਂ ਦਿੱਲੀ — ਖੇਤੀਬਾੜੀ ਖੇਤਰ ਨੂੰ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਹੁਣ ਖੇਤੀਬਾੜੀ ਮੰਡੀਆਂ ਜ਼ਰੀਏ ਇਕ ਕਰੋੜ ਰੁਪਏ ਤੋਂ ਜ਼ਿਆਦਾ ਦੇ ਨਕਦ ਭੁਗਤਾਨ 'ਤੇ ਟੀ.ਡੀ.ਐਸ. ਨਹੀਂ ਕੱਟੇਗਾ। ਦਰਅਸਲ ਕਿਸਾਨਾਂ ਨੂੰ ਉਪਜ ਦਾ ਭੁਗਤਾਨ ਮਿਲਣ 'ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸਦੇ ਮੱਦੇਨਜ਼ਰ ਸਰਕਾਰ ਨੇ ਟੀ.ਡੀ.ਐਸ. 'ਤੇ ਫੈਸਲਾ ਲਿਆ ਹੈ। 
1 ਸਤੰਬਰ ਤੋਂ ਲਾਗੂ ਹੋਇਆ ਨਵਾਂ ਨਿਯਮ

ਕੇਂਦਰ ਸਰਕਾਰ ਨੇ ਡਿਜੀਟਲ ਭੁਗਤਾਨ ਅਤੇ ਘੱਟ ਨਕਦੀ ਦੀ ਅਰਥਵਿਵਸਥਾ ਨੂੰ ਵਾਧਾ ਦੇਣ ਲਈ ਪਿਛਲੇ ਆਮ ਬਜਟ 'ਚ ਇਕ ਸਾਲ 'ਚ 1 ਕਰੋੜ ਤੋਂ ਜ਼ਿਆਦਾ ਦੀ ਨਕਦ ਨਿਕਾਸੀ 'ਤੇ 2 ਫੀਸਦੀ ਟੀ.ਡੀ.ਐਸ. ਕੱਟਣ ਦਾ ਐਲਾਨ ਕੀਤਾ ਸੀ। ਇਹ ਨਵੇਂ ਨਿਯਮ 1 ਸਤੰਬਰ 2019 ਤੋਂ ਲਾਗੂ ਹੋ ਗਏ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਟਵੀਟ ਕਰਕੇ ਕਿਹਾ ਕਿ ਖੇਤੀਬਾੜੀ ਉਪਜ ਮੰਡੀਆਂ ਵਲੋਂ ਚਿੰਤਾ ਜ਼ਾਹਰ ਕੀਤੇ ਜਾਣ ਦੇ ਬਾਅਦ ਇਕ ਕਰੋੜ ਤੋਂ ਜ਼ਿਆਦਾ ਦੀ ਰਾਸ਼ੀ ਦੇ ਨਕਦ ਭੁਗਤਾਨ 'ਤੇ ਦੋ ਫੀਸਦੀ ਟੀ.ਡੀ.ਐਸ. ਦੀ ਕਟੌਤੀ ਨਾ ਕੀਤੇ ਜਾਣ ਦਾ ਫੈਸਲਾ ਲਿਆ ਗਿਆ ਹੈ, ਤਾਂ ਜੋ ਕਿਸਾਨਾਂ ਨੂੰ ਉਪਜ ਦਾ ਤੁਰੰਤ ਭੁਗਤਾਨ ਯਕੀਨੀ ਬਣਾਇਆ ਜਾ ਸਕੇ।