ਨੌਕਰੀ ਪੇਸ਼ਾਂ ਲੋਕਾਂ ਲਈ ਰਾਹਤ ਦੀ ਖਬਰ, ਨਹੀਂ ਘਟੇਗਾ ਪੀ. ਐੱਫ.

05/28/2017 2:38:41 PM

ਨਵੀਂ ਦਿੱਲੀ— ਨੌਕਰੀਪੇਸ਼ਾਂ ਲੋਕਾਂ ਲਈ ਰਾਹਤ ਦੀ ਖਬਰ ਹੈ। ਹੁਣ ਉਨ੍ਹਾਂ ਦਾ ਪੀ. ਐੱਫ. 'ਚ ਯੋਗਦਾਨ ਨਹੀਂ ਘਟੇਗਾ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਪੀ. ਐੱਫ. 'ਚ ਕਰਮਚਾਰੀਆਂ ਅਤੇ ਨੌਕਰੀਦਾਤਾ ਦੇ ਯੋਗਦਾਨ ਨੂੰ 12-12 ਫੀਸਦੀ ਤੋਂ ਘਟਾ 10-10 ਫੀਸਦੀ ਕੀਤਾ ਜਾ ਸਕਦਾ ਹੈ, ਜਿਸ ਨਾਲ ਕੱਟ-ਕਟਾਅ ਮਿਲਣ ਵਾਲੀ ਤਨਖਾਹ ਤਾਂ ਮਾਮੂਲੀ ਤੌਰ 'ਤੇ ਵਧ ਜਾਂਦੀ ਪਰ ਰਿਟਾਇਰਮੈਂਟ 'ਤੇ ਮਿਲਣ ਵਾਲੇ ਫੰਡ 'ਚ ਕਮੀ ਆ ਜਾਣੀ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ। 


ਕਰਮਚਾਰੀ ਭਵਿੱਖ ਫੰਡ ਸੰਗਠਨ (ਈ. ਪੀ. ਐੱਫ. ਓ.) ਨੇ ਕਰਮਚਾਰੀਆਂ ਅਤੇ ਨੌਕਰੀ ਦਾਤਾਵਾਂ ਲਈ ਪੀ. ਐੱਫ. 'ਚ ਜ਼ਰੂਰੀ ਯੋਗਦਾਨ ਨੂੰ ਘੱਟ ਕਰਕੇ 10-10 ਫੀਸਦੀ ਤਕ ਕਰਨ ਦੇ ਪ੍ਰਸਤਾਵ 'ਤੇ ਰੋਕ ਲਾ ਦਿੱਤੀ ਹੈ। ਮੌਜੂਦਾ ਸਮੇਂ ਕਰਮਚਾਰੀ ਅਤੇ ਨੌਕਰੀਦਾਤਾ ਈ. ਪੀ. ਐੱਫ, ਕਰਮਚਾਰੀ ਪੈਨਸ਼ਨ ਸਕੀਮ (ਈ. ਪੀ. ਐੱਸ.) ਅਤੇ ਕਰਮਚਾਰੀ ਲਿੰਕਡ ਬੀਮਾ ਸਕੀਮ (ਈ. ਡੀ. ਐੱਲ. ਆਈ.) ਤਹਿਤ ਬੇਸਿਕ ਆਮਦਨ ਦਾ 12-12 ਫੀਸਦੀ ਰਕਮ ਜਮ੍ਹਾ ਕਰਦੇ ਹਨ, ਜਿਸ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। 
ਮੌਜੂਦਾ ਸਮੇਂ ਕਰਮਚਾਰੀਆਂ ਦਾ ਕੁੱਲ 12 ਫੀਸਦੀ ਯੋਗਦਾਨ ਉਨ੍ਹਾਂ ਦੇ ਈ. ਪੀ. ਐੱਫ. ਖਾਤੇ 'ਚ ਜਮ੍ਹਾ ਹੁੰਦਾ ਹੈ, ਜਿਸ 'ਚੋਂ 3.67 ਫੀਸਦੀ ਹਿੱਸਾ ਈ. ਪੀ. ਐੱਫ. ਖਾਤੇ ਅਤੇ ਬੇਸਿਕ ਤਨਖਾਹ ਦਾ 8.33 ਫੀਸਦੀ ਈ. ਪੀ. ਐੱਸ. ਖਾਤੇ 'ਚ ਜਾਂਦਾ ਹੈ। ਇਸ ਦੇ ਇਲਾਵਾ, ਨੌਕਰੀ ਦਾਤਾ ਕਰਮਚਾਰੀਆਂ ਦੇ ਬੀਮੇ ਲਈ ਈ. ਡੀ. ਐੱਲ. ਆਈ. 'ਚ ਵੀ 0.5 ਫੀਸਦੀ ਦਾ ਯੋਗਦਾਨ ਦਿੰਦਾ ਹੈ।