ਪ੍ਰਚੂਨ ਕਾਰੋਬਾਰ ਕੰਪਨੀਆਂ ਦੀ ਵਿਸ਼ਵ ਸੂਚੀ ’ਚ ਰਿਲਾਇੰਸ ਰਿਟੇਲ ਦੀ 95 ਪਾਇਦਾਨ ਦੀ ਛਲਾਂਗ

01/23/2019 11:07:07 PM

ਨਵੀਂ ਦਿੱਲੀ-ਮੁਕੇਸ਼ ਅੰਬਾਨੀ ਦੀ ਰਿਲਾਇੰਸ ਰਿਟੇਲ ਨੇ ਪ੍ਰਚੂਨ ਕਾਰੋਬਾਰ ਕਰਨ ਵਾਲੀਆਂ ਵਿਸ਼ਵ ਦੀਆਂ ਟਾਪ 250 ਕੰਪਨੀਆਂ ਦੀ ਸੂਚੀ ’ਚ 95 ਪਾਇਦਾਨ ਦੀ ਲੰਬੀ ਛਲਾਂਗ ਮਾਰੀ ਅਤੇ 94ਵੇਂ ਸਥਾਨ ’ਤੇ ਪਹੁੰਚ ਗਈ। ਡੇਲਾਈਟ ਵੱਲੋਂ ‘ਗਲੋਬਲ ਪਾਵਰਸ ਆਫ ਰਿਟੇਲਿੰਗ 2019’ ਦੀ ਨਵੀਂ ਜਾਰੀ ਸਾਲਾਨਾ ਸੂਚੀ ’ਚ ਥਾਂ ਬਣਾਉਣ ਵਾਲੀ ਰਿਲਾਇੰਸ ਰਿਟੇਲ ਇਕਮਾਤਰ ਭਾਰਤੀ ਕੰਪਨੀ ਹੈ। ਇਸ ਸੂਚੀ ’ਚ ਰਿਲਾਇੰਸ ਨੇ ਪਿਛਲੇ ਸਾਲ ਪਹਿਲੀ ਵਾਰ ਥਾਂ ਬਣਾਈ ਸੀ ਅਤੇ ਇਕ ਸਾਲ ਦੇ ਅੰਦਰ ਹੀ ਆਪਣੇ ਜ਼ੋਰਦਾਰ ਕਾਰੋਬਾਰ ਦੇ ਦਮ ’ਤੇ 95 ਪਾਇਦਾਨ ਦਾ ਸੁਧਾਰ ਕਰ ਕੇ ਇਤਿਹਾਸ ਬਣਾਇਆ।

ਇਹੀ ਨਹੀਂ ਡੇਲਾਈਟ ਦੀ ਤੇਜ਼ੀ ਨਾਲ ਵਾਧਾ ਹਾਸਲ ਕਰਨ ਵਾਲੀਆਂ ਕੰਪਨੀਆਂ ਦੀ ਸੂਚੀ ’ਚ ਰਿਲਾਇੰਸ ਰਿਟੇਲ ਦਾ 6ਵਾਂ ਸਥਾਨ ਰਿਹਾ। ਰਿਲਾਇੰਸ ਰਿਟੇਲ ਦੀ 2012 ਤੋਂ 2017 ’ਚ ਸਾਲਾਨਾ ਕੁਲ ਵਿਕਾਸ ਗ੍ਰੋਥ 44.8 ਫੀਸਦੀ ਰਹੀ। ਕੰਪਨੀ ਦੇ 17 ਜਨਵਰੀ ਨੂੰ ਐਲਾਨੇ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ਦੇ ਨਤੀਜਿਆਂ ’ਚ ਦੱਸਿਆ ਗਿਆ ਸੀ ਕਿ ਰਿਲਾਇੰਸ ਰਿਟੇਲ ਦੇ 6400 ਤੋਂ ਜ਼ਿਆਦਾ ਸ਼ਹਿਰਾਂ ’ਚ 2 ਕਰੋਡ਼ 6 ਲੱਖ ਵਰਗ ਫੁੱਟ ਖੇਤਰਫਲ ’ਚ 9907 ਸਟੋਰ ਖੋਲ੍ਹੇ ਜਾ ਚੁੱਕੇ ਹਨ।

ਡੇਲਾਈਟ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਅੈਮਾਜ਼ੋਨ ਅਤੇ ਰਿਲਾਇੰਸ ਨੇ ਪ੍ਰਚੂਨ ਕਾਰੋਬਾਰ ’ਚ ਅਸਾਧਾਰਨ ਗ੍ਰੋਥ ਦੇ ਦਮ ’ਤੇ ਕ੍ਰਮਵਾਰ 2 ਅਤੇ 95 ਪਾਇਦਾਨ ਚੜ੍ਹ ਕੇ ਚੰਗਾ ਪ੍ਰਦਰਸ਼ਨ ਕੀਤਾ ਹੈ। ਰਿਲਾਇੰਸ ਦੀ 2017-18 ’ਚ ਪ੍ਰਚੂਨ ਕਾਰੋਬਾਰ ਨਾਲ ਕਮਾਈ ਦੁੱਗਣੀ ਹੋ ਗਈ। ਸੂਚੀ ’ਚ ਯੂਰਪੀ ਕੰਪਨੀਆਂ ਦਾ ਝੰਡਾ ਰਿਹਾ।