ਰਿਲਾਇੰਸ ਦਾ ਮੁਨਾਫਾ 15 ਫੀਸਦੀ ਡਿੱਗਾ ਪਰ ਜਿਓ ਨੇ ਕਰਾ ''ਤੀ ਬੱਲੇ-ਬੱਲੇ

10/30/2020 11:14:46 PM

ਨਵੀਂ ਦਿੱਲੀ : ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ. ਆਈ. ਐੱਲ.) ਦਾ ਸਤੰਬਰ 2020 ਨੂੰ ਖਤਮ ਹੋਈ ਦੂਜੀ ਤਿਮਾਹੀ 'ਚ ਇਕਜੁੱਟ ਸ਼ੁੱਧ ਮੁਨਾਫਾ ਪਿਛਲੇ ਸਾਲ ਦੀ ਇਸੇ ਤਿਮਾਹੀ ਨਾਲੋਂ 15 ਫੀਸਦੀ ਘੱਟ ਰਿਹਾ। ਸ਼ੁੱਕਰਵਾਰ ਨੂੰ ਕੰਪਨੀ ਨੇ ਇਸ ਦੀ ਜਾਣਕਾਰੀ ਦਿੱਤੀ।

ਰਿਲਾਇੰਸ ਇੰਡਸਟਰੀਜ਼ ਨੇ ਸਤੰਬਰ 2020 ਨੂੰ ਖ਼ਤਮ ਹੋਈ ਤਿਮਾਹੀ 'ਚ 9,567 ਕਰੋੜ ਰੁਪਏ ਦਾ ਮੁਨਾਫਾ ਕਮਾਇਆ, ਜਦੋਂ ਕਿ ਪਿਛਲੇ ਸਾਲ ਦੀ ਇਸੇ ਤਿਮਾਹੀ 'ਚ ਕੰਪਨੀ ਨੂੰ ਇਕਜੁੱਟ 11,262 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ। ਰਿਲਾਇੰਸ ਦੇ ਮੁਨਾਫੇ 'ਚ ਇਹ ਗਿਰਾਵਟ ਪ੍ਰਮੁੱਖ ਤੌਰ 'ਤੇ ਉਸ ਦੇ ਤੇਲ ਸੋਧਕ ਤੇ ਪੈਟਰੋ ਕੈਮੀਕਲ ਕਾਰੋਬਾਰ ਦੀ ਘੱਟ ਮੰਗ ਕਾਰਨ ਆਈ। ਹਾਲਾਂਕਿ, ਜਿਓ ਨੇ ਜ਼ਬਰਦਸਤ ਮੁਨਾਫਾ ਦਰਜ ਕੀਤਾ ਹੈ।

ਤਿਮਾਹੀ-ਦਰ-ਤਿਮਾਹੀ ਦੇ ਆਧਾਰ 'ਤੇ ਆਰ. ਆਈ. ਐੱਲ. ਦੇ ਸ਼ੁੱਧ ਮੁਨਾਫੇ 'ਚ 27.7 ਫੀਸਦੀ ਗਿਰਾਵਟ ਆਈ ਹੈ ਕਿਉਂਕਿ ਇਸ ਤੋਂ ਪਹਿਲਾਂ 30 ਜੂਨ 2020 ਨੂੰ ਸਮਾਪਤ ਹੋਈ ਤਿਮਾਹੀ 'ਚ ਉਸ ਦਾ ਮੁਨਾਫਾ 13,233 ਕਰੋੜ ਰੁਪਏ ਰਿਹਾ ਸੀ। ਰਿਲਾਇੰਸ ਨੇ ਸਾਲ-ਦਰ-ਸਾਲ ਦੇ ਆਧਾਰ 'ਤੇ ਰਿਫਾਇਨਿੰਗ ਕਾਰੋਬਾਰ ਤੋਂ ਮਾਲੀਆ 'ਚ 36 ਫੀਸਦੀ ਦੀ ਗਿਰਾਵਟ ਦਰਜ ਕੀਤੀ, ਜਦੋਂ ਕਿ ਇਸ ਦੇ ਪੈਟਰੋ ਕੈਮੀਕਲ ਕਾਰੋਬਾਰ ਤੋਂ ਹੋਣ ਵਾਲੇ ਮਾਲੀਏ 'ਚ 23 ਫੀਸਦੀ ਦੀ ਗਿਰਾਵਟ ਆਈ, ਜਿਸ ਕਾਰਨ ਸਤੰਬਰ ਤਿਮਾਹੀ 'ਚ ਉਸ ਦਾ ਇਕਜੁੱਟ ਮੁਨਾਫਾ ਘੱਟ ਰਿਹਾ। ਉੱਥੇ ਹੀ, ਇਸ ਦੌਰਾਨ ਇਸ ਦੇ ਰਿਲਾਇੰਸ ਜਿਓ ਪਲੇਟਫਾਰਮ ਦਾ ਸ਼ੁੱਧ ਮੁਨਾਫਾ ਲਗਭਗ ਤਿੰਨ ਗੁਣਾ ਵੱਧ ਕੇ 2,844 ਕਰੋੜ 'ਤੇ ਪਹੁੰਚ ਗਿਆ, ਪਿਛਲੇ ਸਾਲ ਇਸੇ ਤਿਮਾਹੀ 'ਚ ਜਿਓ ਦਾ ਸ਼ੁੱਧ ਮੁਨਾਫਾ 990 ਕਰੋੜ ਰੁਪਏ ਰਿਹਾ ਸੀ।


Sanjeev

Content Editor

Related News