ਜੰਮੂ-ਕਸ਼ਮੀਰ ਤੇ ਲਦਾਖ ਲਈ ਰਿਲਾਇੰਸ ਸਮੂਹ ਦੀ ਵੱਡੀ ਯੋਜਨਾ

08/12/2019 1:54:39 PM

ਮੁੰਬਈ— ਰਿਲਾਇੰਸ ਸਮੂਹ ਜਲਦ ਹੀ ਜੰਮੂ-ਕਸ਼ਮੀਰ ਅਤੇ ਲਦਾਖ ਲਈ ਕਈ ਮਹੱਤਵਪੂਰਨ ਐਲਾਨ ਕਰਨ ਦੀ ਯੋਜਨਾ 'ਚ ਹੈ, ਜਿਸ ਨਾਲ ਲੋਕਾਂ ਨੂੰ ਰੋਜ਼ਗਾਰ ਉਪਲੱਬਧ ਹੋਵੇਗਾ।
 

 

ਭਾਰਤ ਦੇ ਸਭ ਤੋਂ ਅਮੀਰ ਤੇ ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਨੇ ਰਿਲਾਇੰਸ ਇੰਡਸਟਰੀਜ਼ ਦੀ 42ਵੀਂ ਸਾਲਾਨਾ ਜਨਰਲ ਮੀਟਿੰਗ 'ਚ ਕਿਹਾ ਕਿ ਰਿਲਾਇੰਸ ਸਮੂਹ ਜੰਮੂ-ਕਸ਼ਮੀਰ ਅਤੇ ਲਦਾਖ ਲਈ ਜਲਦ ਹੀ ਕਈ ਯੋਜਨਾਵਾਂ ਦਾ ਐਲਾਨ ਕਰੇਗਾ।
42ਵੀਂ ਸਾਲਾਨਾ ਜਨਰਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮੁਕੇਸ਼ ਅੰਬਾਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੰਮੂ-ਕਸ਼ਮੀਰ 'ਚ ਉੱਦਮੀਆਂ ਨੂੰ ਨਿਵੇਸ਼ ਲਈ ਕੀਤੀ ਗਈ ਅਪੀਲ 'ਤੇ ਕਿਹਾ, ''ਅਸੀਂ ਜੰਮੂ-ਕਸ਼ਮੀਰ ਤੇ ਲਦਾਖ ਦੇ ਵਿਕਾਸ ਤੇ ਉੱਥੋਂ ਦੇ ਲੋਕਾਂ ਦੀਆਂ ਜ਼ਰੂਰਤਾਂ ਲਈ ਵਚਨਬੱਧ ਹਾਂ। ਰਿਲਾਇੰਸ ਜੰਮੂ-ਕਸ਼ਮੀਰ ਤੇ ਲਦਾਖ 'ਚ ਵਿਕਾਸ ਲਈ ਵਿਸ਼ੇਸ਼ ਕਾਰਜਬਲ ਦਾ ਗਠਨ ਕਰੇਗੀ। ਜਲਦ ਹੀ ਘਾਟੀ ਲਈ ਕਈ ਐਲਾਨ ਕੀਤੇ ਜਾਣਗੇ।''
ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਨੇ ਪੰਜ ਅਗਸਤ ਨੂੰ ਇਤਿਹਾਸਕ ਕਦਮ ਚੁੱਕਦੇ ਹੋਏ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਖਤਮ ਕਰ ਦਿੱਤੀ ਸੀ, ਨਾਲ ਹੀ ਜੰਮੂ-ਕਸ਼ਮੀਰ ਅਤੇ ਲਦਾਖ ਨੂੰ 2 ਵੱਖ-ਵੱਖ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਵੰਡ ਦਿੱਤਾ ਸੀ। ਲਦਾਖ 'ਚ ਪ੍ਰਸ਼ਾਸਨਿਕ ਵਿਵਸਥਾ ਹੋਵੇਗੀ, ਜਦੋਂ ਕਿ ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਹੋਵੇਗੀ।