'ਘਰਾਂ ਦੀ ਵਿਕਰੀ ਵਧਾਉਣ ਲਈ ਸਟੈਂਪ ਡਿਊਟੀ ਘਟਾਉਣ ’ਤੇ ਵਿਚਾਰ ਕਰਨ ਸੂਬੇ'

11/27/2020 10:44:58 PM

ਨਵੀਂ ਦਿੱਲੀ– ਰਿਹਾਇਸ਼ੀ ਅਤੇ ਸ਼ਹਿਰੀ ਮਾਮਲਿਆਂ ਦੇ ਸਕੱਤਰ ਦੁਰਗਾ ਸ਼ੰਕਰ ਮਿਸ਼ਰਾ ਨੇ ਸੂਬਿਆਂ ਨੂੰ ਜਾਇਦਾਦਾਂ ਦੀ ਰਜਿਸਟ੍ਰੇਸ਼ਨ ’ਤੇ ਸਟੈਂਪ ਡਿਊਟੀ ਘੱਟ ਕਰਨ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਅਜਿਹਾ ਕਰਨ ਨਾਲ ਰਿਹਾਇਸ਼ੀ ਇਕਾਈਆਂ ਦੀ ਵਿਕਰੀ ਵਧੇਗੀ, ਜਿਸ ਨਾਲ ਸੂਬਿਆਂ ਦੇ ਮਾਲੀਏ ’ਤੇ ਕੋਈ ਅਸਰ ਨਹੀਂ ਪਵੇਗਾ।

ਉਨ੍ਹਾਂ ਨੇ ਉਦਯੋਗ ਸੰਗਠਨ ਐਸੋਚੈਮ ਵਲੋਂ ਆਯੋਜਿਤ ਇਕ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੰਤਰਾਲਾ ਨੇ ਸਟੈਂਪ ਡਿਊਟੀ ਨੂੰ ਘੱਟ ਕਰਨ ਲਈ ਸੂਬਿਆਂ/ਸੰਘ ਸ਼ਾਸਿਤ ਸੂਬਿਆਂ ਨੂੰ 2 ਵਾਰ ਲਿਖਿਆ ਸੀ। ਉਨ੍ਹਾਂ ਨੇ ਕਿਹਾ ਕਿ ਮਹਾਰਾਸ਼ਟਰ ਅਤੇ ਕਰਨਾਟਕ ਸਰਕਾਰਾਂ ਨੇ ਸਟੈਂਪ ਡਿਊਟੀ ਘੱਟ ਕਰ ਦਿੱਤੀ ਹੈ, ਜਿਸ ਕਾਰਨ ਰਿਹਾਇਸ਼ ਦੀ ਵਿਕਰੀ ਵੱਧ ਗਈ ਹੈ। ਮਿਸ਼ਰਾ ਨੇ ਕਿਹਾ ਕਿ ਉਹ ਮੁੜ ਸਾਰੇ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨਾਲ ਇਕ ਵੀਡੀਓ ਕਾਨਫਰੰਸ ਕਰਨਗੇ ਅਤੇ ਸਟੈਂਪ ਡਿਊਟੀ ’ਚ ਕਮੀ ਲਈ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਨਗੇ।

ਉਨ੍ਹਾਂ ਨੇ ਕਿਹਾ ਕਿ ਸੂਬਿਆਂ ਦੀ ਕੁਲ ਆਮਦਨ ਪ੍ਰਭਾਵਤ ਨਹੀਂ ਹੋਵੇਗੀ ਕਿਉਂਕਿ ਵਿਕਰੀ ਦੀ ਗਿਣਤੀ ਵੱਧ ਜਾਏਗੀ। ਸਕੱਤਰ ਨੇ ਕਿਹਾ ਕਿ ਕੇਂਦਰ ਵਲੋਂ ਕੀਤੇ ਗਏ ਉਪਾਅ ਅਤੇ ਕੁਝ ਸੂਬਿਆਂ ਵਲੋਂ ਸਟੈਂਪ ਡਿਊਟੀ ’ਚ ਕਟੌਤੀ ਕਾਰਨ ਪਿਛਲੇ ਕੁਝ ਮਹੀਨਿਆਂ ’ਚ ਆਵਾਸ ਦੀ ਵਿਕਰੀ ’ਚ ਸੁਧਾਰ ਹੋਇਆ ਹੈ।

ਮਿਸ਼ਰਾ ਨੇ ਕਿਹਾ ਕਿ ਬਿਲਡਰਾਂ ਨੇ ਸਰਕਾਰ ਵਲੋਂ ਹਾਲ ਹੀ ’ਚ ਐਲਾਨੀ ਟੈਕਸ ਰਾਹਤ ਦਾ ਲਾਭ ਉਠਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਆਵਾਸ ਦੀ ਵਿਕਰੀ ਵਧਾਉਣ ਅਤੇ ਨਾ ਵਿਕ ਸਕੇ ਘਰਾਂ ਨੂੰ ਘੱਟ ਕਰਨ ’ਚ ਮਦਦ ਮਿਲੇਗੀ। ਮਿਸ਼ਰਾ ਨੇ ਕਿਹਾ ਕਿ ਭਾਰਤੀ ਰੀਅਲ ਅਸਟੇਟ ਖੇਤਰ ਨਾ ਸਿਰਫ ਦੇਸ਼ ਦੇ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਵਿਚ ਯੋਗਦਾਨ ਦਿੰਦਾ ਹੈ, ਸਗੋਂ ਇਹ ਵੱਡੇ ਪੱਧਰ ’ਤੇ ਰੋਜ਼ਗਾਰ ਦੇ ਮੌਕੇ ਵੀ ਪੈਦਾ ਕਰਦਾ ਹੈ।
 


Sanjeev

Content Editor

Related News