RBI ਦੀ ਕ੍ਰੈਡਿਟ ਪਾਲਿਸੀ ਅੱਜ, ਲੋਨ ਗਾਹਕਾਂ ਨੂੰ ਮਿਲ ਸਕਦੀ ਹੈ ਸੌਗਾਤ

12/05/2019 9:25:25 AM

ਨਵੀਂ ਦਿੱਲੀ— ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਦੋ-ਮਾਸਿਕ ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਦੀ ਤਿੰਨ ਰੋਜ਼ਾ ਬੈਠਕ ਵੀਰਵਾਰ ਨੂੰ ਯਾਨੀ ਅੱਜ ਖਤਮ ਹੋਵੇਗੀ ਤੇ ਤਕਰੀਬਨ 12 ਵਜੇ ਪਾਲਿਸੀ ਜਾਰੀ ਕੀਤੀ ਜਾਵੇਗੀ। ਸਭ ਦੀ ਨਜ਼ਰ ਇਸ ਗੱਲ 'ਤੇ ਟਿਕੀ ਹੈ ਕਿ ਕੀ ਭਾਰਤੀ ਰਿਜ਼ਰਵ ਬੈਂਕ ਦੀ ਪ੍ਰਮੁੱਖ ਉਧਾਰ ਦਰ ਯਾਨੀ ਉਹ ਵਿਆਜ ਦਰ ਜਿਸ 'ਤੇ ਉਹ ਵਪਾਰਕ ਬੈਂਕਾਂ ਨੂੰ ਪੈਸਾ ਉਧਾਰ ਦਿੰਦਾ ਹੈ ਉਸ 'ਚ ਕਟੌਤੀ ਹੋਵੇਗੀ?

 

ਹਾਲਾਂਕਿ, ਬੈਂਕਰਾਂ ਤੇ ਮਾਹਰਾਂ ਦਾ ਮੰਨਣਾ ਹੈ ਕਿ ਇਕਨੋਮੀ ਦੀ ਸੁਸਤ ਰਫਤਾਰ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਆਰ. ਬੀ. ਆਈ. ਦੀ ਐੱਮ. ਪੀ. ਸੀ. ਇਸ ਵਾਰ ਵੀ ਰੇਪੋ ਰੇਟ 'ਚ ਕਟੌਤੀ ਦਾ ਐਲਾਨ ਕਰ ਸਕਦੀ ਹੈ। ਮੌਜੂਦਾ ਵਿੱਤੀ ਸਾਲ ਦੀ 30 ਸਤੰਬਰ ਨੂੰ ਖਤਮ ਹੋਈ ਦੂਜੀ ਤਿਮਾਹੀ 'ਚ ਵਿਕਾਸ ਦਰ 4.5 ਫੀਸਦੀ ਰਹੀ ਹੈ, ਜੋ ਛੇ ਸਾਲਾਂ ਦਾ ਨੀਵਾਂ ਪੱਧਰ ਹੈ। ਪਹਿਲੀ ਤਿਮਾਹੀ 'ਚ ਵਿਕਾਸ ਦਰ 5 ਫੀਸਦੀ ਰਹੀ ਸੀ।

ਇਕਨੋਮੀ 'ਚ ਸੁਸਤੀ ਕਾਰਨ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਨੇ ਇਸ ਸਾਲ ਫਰਵਰੀ ਤੋਂ ਅਕਤੂਬਰ ਮਹੀਨੇ ਤਕ ਲਗਾਤਾਰ ਪੰਜ ਬੈਠਕਾਂ 'ਚ ਰੇਪੋ ਰੇਟ 'ਚ ਪੰਜ ਵਾਰ ਕਟੌਤੀ ਕੀਤੀ ਹੈ। ਪੰਜ ਵਾਰ 'ਚ ਰੇਪੋ ਰੇਟ ਕੁੱਲ 1.35 ਫੀਸਦੀ ਘਟਾਈ ਗਈ ਹੈ। ਇਸ ਦੇ ਬਾਵਜੂਦ ਆਰਥਿਕਤਾ 'ਚ ਸੁਧਾਰ ਦੇ ਕੋਈ ਸੰਕੇਤ ਨਹੀਂ ਹਨ ਸਗੋਂ ਮੌਜੂਦਾ ਵਿੱਤੀ ਸਾਲ ਦੀ ਦੂਜੀ ਤਿਮਾਹੀ ਦੀ ਜੀ. ਡੀ. ਪੀ. ਵਿਕਾਸ ਦਰ 'ਚ ਸੁਸਤੀ ਤੇ ਹੋਰ ਆਰਥਿਕ ਖੇਤਰਾਂ 'ਚ ਵੀ ਗਿਰਾਵਟ ਜਾਰੀ ਹੈ। ਅਜਿਹੀ ਸਥਿਤੀ 'ਚ ਆਰ. ਬੀ. ਆਈ. 'ਤੇ ਇਕ ਵਾਰ ਫਿਰ ਰੇਪੋ ਰੇਟ ਨੂੰ ਘਟਾਉਣ ਦਾ ਦਬਾਅ ਹੈ। ਇਸ ਸਾਲ ਪੰਜ ਵਾਰ ਕਟੌਤੀ ਮਗਰੋਂ ਮੌਜੂਦਾ ਸਮੇਂ ਰੇਪੋ ਰੇਟ 5.15 ਫੀਸਦੀ ਤੇ ਰਿਵਰਸ ਰੇਪੋ ਰੇਟ 4.90 ਫੀਸਦੀ ਹੈ। ਇਸ 'ਚ 6ਵੀਂ ਵਾਰ ਕਟੌਤੀ ਹੁੰਦੀ ਹੈ ਤਾਂ ਲੋਨ ਹੋਰ ਸਸਤੇ ਹੋਣਗੇ ਤੇ ਈ. ਐੱਮ. ਆਈ. 'ਚ ਕਮੀ ਹੋਵੇਗੀ।