RBI ਪਾਲਿਸੀ ਦਰਾਂ 'ਚ ਕਰ ਸਕਦਾ ਹੈ ਇਕ ਹੋਰ ਕਟੌਤੀ, ਸਸਤੇ ਹੋਣਗੇ ਲੋਨ

06/18/2019 12:51:27 PM

ਮੁੰਬਈ— ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਇਸ ਸਾਲ ਨੀਤੀਗਤ ਦਰਾਂ 'ਚ 0.25 ਫੀਸਦੀ ਦੀ ਇਕ ਹੋਰ ਕਟੌਤੀ ਕਰ ਸਕਦਾ ਹੈ। ਫਿਚ ਰੇਟਿੰਗ ਨੇ ਇਹ ਅੰਦਾਜ਼ਾ ਪ੍ਰਗਟ ਕੀਤਾ ਹੈ। ਇਸ ਸਾਲ ਆਰ. ਬੀ. ਆਈ. ਨੇ 6 ਜੂਨ ਨੂੰ ਰੇਪੋ ਰੇਟ 'ਚ ਤੀਜੀ ਵਾਰ ਕਟੌਤੀ ਸੀ ਤੇ ਹੁਣ ਇਹ 5.75 ਫੀਸਦੀ ਹੈ। ਜੀ. ਡੀ. ਪੀ. ਗ੍ਰੋਥ ਦੀ ਸੁਸਤ ਰਫਤਾਰ ਨੂੰ ਦੇਖਦੇ ਹੋਏ ਰਿਜ਼ਰਵ ਬੈਂਕ ਨੇ ਰੁਖ਼ ਵੀ ਬਦਲ ਕੇ 'ਉਦਾਰ' ਕਰ ਦਿੱਤਾ ਸੀ।
 

ਫਿਚ ਨੇ ਆਪਣੀ 'ਗਲੋਬਲ ਆਰਥਕ ਰਿਪੋਰਟ' 'ਚ ਅੰਦਾਜ਼ਾ ਪ੍ਰਗਟ ਕੀਤਾ ਹੈ ਕਿ ਸਾਲ 2019 ਦੇ ਅਖੀਰ ਤਕ ਪਾਲਿਸੀ ਰੇਪੋ ਰੇਟ 'ਚ ਇਕ ਹੋਰ ਕਟੌਤੀ ਹੋ ਸਕਦੀ ਹੈ, ਜਿਸ ਨਾਲ ਇਹ ਘੱਟ ਕੇ 5.50 ਫੀਸਦੀ ਰਹਿ ਜਾਵੇਗਾ।
ਰੇਟਿੰਗ ਏਜੰਸੀ ਦਾ ਕਹਿਣਾ ਹੈ ਕਿ ਖੁਰਾਕ ਮਹਿੰਗਾਈ 'ਚ ਸੁਧਾਰ ਤੇ ਸਰਕਾਰ ਵੱਲੋਂ ਕਿਸਾਨਾਂ ਨੂੰ ਨਕਦ ਟਰਾਂਸਫਰ ਨਾਲ ਪੇਂਡੂ ਪਰਿਵਾਰਾਂ ਦੀ ਆਮਦਨ ਵਧਣ ਦੀ ਸੰਭਾਵਨਾ ਹੈ, ਜਿਸ ਨਾਲ ਖਪਤ ਨੂੰ ਸਮਰਥਨ ਮਿਲੇਗਾ। ਮਹਿੰਗਾਈ ਦਰ 2013 ਦੀ 12 ਫੀਸਦੀ ਤੋਂ ਤੇਜ਼ੀ ਨਾਲ ਥੱਲ੍ਹੇ ਉਤਰੀ ਹੈ ਅਤੇ ਪਿਛਲੇ ਲਗਾਤਾਰ 10 ਮਹੀਨਿਆਂ ਤੋਂ ਇਹ ਆਰ. ਬੀ. ਆਈ. ਦੇ ਕੰਟਰੋਲ ਟੀਚੇ 4 ਫੀਸਦੀ ਤੋਂ ਹੇਠਾਂ ਬਣੀ ਹੋਈ ਹੈ। ਮਈ 'ਚ ਪ੍ਰਚੂਨ ਮਹਿੰਗਾਈ ਦਰ 3.05 ਫੀਸਦੀ ਰਹੀ ਹੈ, ਇਹ ਅੱਗੇ ਵੀ ਕੰਟਰੋਲ 'ਚ ਰਹਿਣ ਦੀ ਉਮੀਦ ਹੈ, ਜਦੋਂ ਕਿ ਗਲੋਬਲ ਮੋਰਚੇ 'ਤੇ ਮਚੀ ਹਲਚਲ ਤੇ ਸੁਸਤ ਜੀ. ਡੀ. ਪੀ. ਗ੍ਰੋਥ ਨੂੰ ਦੇਖਦੇ ਹੋਏ ਦਰਾਂ 'ਚ ਇਕ ਹੋਰ ਕਟੌਤੀ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਸੁਸਤ ਆਰਥਿਕ ਰਫਤਾਰ ਵਿਚਕਾਰ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ 6 ਜੂਨ ਨੂੰ ਰੇਪੋ ਰੇਟ 'ਚ 0.25 ਫੀਸਦੀ ਦੀ ਕਟੌਤੀ ਕੀਤੀ ਸੀ। ਲਗਾਤਾਰ ਤਿੰਨ ਵਾਰ ਕਟੌਤੀ 'ਚ ਆਰ. ਬੀ. ਆਈ. ਕੁੱਲ ਮਿਲਾ ਕੇ 0.75 ਫੀਸਦੀ ਦੀ ਕਟੌਤੀ ਕਰ ਚੁੱਕਾ ਹੈ।