RBI ਵੱਲੋਂ ਰਾਹਤ, ਚਾਲੂ ਖਾਤੇ ਬੰਦ ਕਰਨ ਦੀ ਸਮਾਂ-ਸੀਮਾ ਇਸ ਤਾਰੀਖ਼ ਤੱਕ ਵਧੀ

08/05/2021 10:29:23 AM

ਨਵੀਂ ਦਿੱਲੀ- ਜਿਨ੍ਹਾਂ ਨੇ ਕਾਰੋਬਾਰ ਲਈ ਕੈਸ਼ ਲੋਨ ਅਤੇ ਓਵਰਡਰਾਫਟ ਦੀ ਸਹੂਲਤ ਲਈ ਹੈ, ਉਨ੍ਹਾਂ ਨੂੰ ਹਰ ਹਾਲਤ ਵਿਚ ਆਪਣਾ ਚਾਲੂ ਖਾਤਾ ਬੰਦ ਕਰਨਾ ਹੋਵੇਗਾ। ਹਾਲਾਂਕਿ, ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਬੈਂਕਾਂ ਨੂੰ ਚਾਲੂ ਖਾਤਿਆਂ ਦੇ ਨਵੇਂ ਨਿਯਮਾਂ ਨੂੰ ਲਾਗੂ ਕਰਨ ਦੀ ਸਮਾਂ ਸੀਮਾ 31 ਅਕਤੂਬਰ ਤੱਕ ਵਧਾ ਦਿੱਤੀ ਹੈ। ਇਹ ਫ਼ੈਸਲਾ ਪਿਛਲੇ ਕੁਝ ਦਿਨਾਂ ਵਿਚ ਛੋਟੇ ਵਪਾਰੀਆਂ ਦੇ ਚਾਲੂ ਖਾਤਿਆਂ ਨੂੰ ਬੰਦ ਕੀਤੇ ਜਾਣ ਨਾਲ ਉਨ੍ਹਾਂ ਦੇ ਕਾਰੋਬਾਰ 'ਤੇ ਪੈ ਰਹੇ ਪ੍ਰਭਾਵ ਨਾਲ ਜੁੜੀਆਂ ਵੱਖ-ਵੱਖ ਰਿਪੋਰਟਾਂ ਤੋਂ ਬਾਅਦ ਲਿਆ ਗਿਆ ਹੈ।


ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ਕਿਹਾ ਹੈ ਕਿ ਉਹ ਸਬੰਧਤ ਦਿਸ਼ਾ-ਨਿਰਦੇਸ਼ਾਂ ਨੂੰ ਇਸ ਤਰੀਕੇ ਨਾਲ ਲਾਗੂ ਕਰਨ ਕਿ ਕੰਪਨੀਆਂ ਜਾਂ ਕਾਰੋਬਾਰੀਆਂ ਦੇ ਕੰਮਕਾਜ ਵਿਚ ਕੋਈ ਦਿੱਕਤ ਨਾ ਆਵੇ। ਆਰ. ਬੀ. ਆਈ. ਨੇ ਕਿਹਾ ਹੈ ਕਿ ਬੈਂਕ ਵਾਧੂ ਸਮੇਂ ਵਿਚ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਗਾਹਕਾਂ ਨਾਲ ਆਪਸੀ ਤਾਲਮੇਲ ਰਾਹੀਂ  ਕੋਈ ਰਸਤਾ ਲੱਭਣ। ਜਿਨ੍ਹਾਂ ਮਾਮਲਿਆਂ ਦਾ ਨਿਪਟਾਰਾ ਨਹੀਂ ਹੁੰਦਾ ਉਨ੍ਹਾਂ ਨੂੰ ਇੰਡੀਅਨ ਬੈਂਕ ਐਸੋਸੀਏਸ਼ਨ (ਆਈ. ਬੀ. ਏ.) ਨੂੰ ਭੇਜਿਆ ਜਾਵੇਗਾ।

ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸਾਰੇ ਲੈਣ-ਦੇਣ ਚਾਲੂ ਖਾਤੇ ਦੀ ਬਜਾਏ ਕੈਸ਼ ਕ੍ਰੈਡਿਟ ਜਾਂ ਓਵਰਡਰਾਫਟ ਖਾਤੇ ਰਾਹੀਂ ਕੀਤੇ ਜਾ ਸਕਣਗੇ। ਇਸਦੇ ਨਾਲ ਹੀ ਬੈਂਕ ਸਾਰੇ ਚਾਲੂ ਖਾਤਿਆਂ, ਕੈਸ਼ ਕ੍ਰੈਡਿਟ ਅਤੇ ਓਵਰਡਰਾਫਟ ਸਹੂਲਤਾਂ ਵਾਲੇ ਖਾਤਿਆਂ ਦੀ ਨਿਯਮਤ ਤੌਰ 'ਤੇ ਨਿਗਰਾਨੀ ਕਰਨਗੇ। ਇਹ ਨਿਗਰਾਨੀ ਘੱਟੋ-ਘੱਟ ਤਿਮਾਹੀ ਆਧਾਰ 'ਤੇ ਹੋਵੇਗੀ। ਗੌਰਤਲਬ ਹੈ ਕਿ ਚਾਲੂ ਖਾਤਾ ਕੰਪਨੀਆਂ ਜਾਂ ਕਾਰੋਬਾਰੀਆਂ ਵੱਲੋਂ ਰੋਜ਼ਾਨਾ ਲੈਣ-ਦੇਣ ਕਰਨ ਦੇ ਉਦੇਸ਼ ਨਾਲ ਖੋਲ੍ਹਿਆ ਜਾਂਦਾ ਹੈ। ਓਵਰਡਰਾਫਟ ਇਕ ਤਰ੍ਹਾਂ ਦੀ ਲੋਨ ਸਹੂਲਤ ਹੈ। ਇਸ ਸਹੂਲਤ ਵਿਚ ਗਾਹਕ ਆਪਣੇ ਬੈਂਕ ਖਾਤੇ ਦੇ ਬਕਾਏ ਤੋਂ ਜ਼ਿਆਦਾ ਪੈਸੇ ਕਢਵਾ ਸਕਦੇ ਹਨ। ਇਹ ਰਕਮ ਨਿਰਧਾਰਤ ਸਮੇਂ ਅੰਦਰ ਚੁਕਾਉਣੀ ਪੈਂਦੀ ਹੈ ਅਤੇ ਇਸ 'ਤੇ ਵਿਆਜ ਲੱਗਾਦਾ ਹੈ।

Sanjeev

This news is Content Editor Sanjeev