RBI ਨੇ ਕੀਤੇ ਤਿੰਨ ਵੱਡੇ ਐਲਾਨ, ਆਨ ਲਾਈਨ ਮਿਲ ਸਕੇਗਾ 50 ਲੱਖ ਤੱਕ ਦਾ ਲੋਨ

12/05/2019 4:01:45 PM

ਨਵੀਂ ਦਿੱਲੀ — ਭਾਰਤੀ ਰਿਜ਼ਰਵ ਬੈਂਕ ਨੇ ਅੱਜ ਵੀਰਵਾਰ ਨੂੰ ਰੇਪੋ ਰੇਟ 5.15 ਫੀਸਦੀ 'ਤੇ ਬਰਕਰਾਰ ਰੱਖੀ ਹੈ ਜਿਸ ਨਾਲ ਕਰਜ਼ੇ ਦੀ EMI ਘੱਟ ਹੋਣ ਦੀ ਆਸ ਲਗਾ ਰਹੇ ਲੋਕਾਂ ਨੂੰ ਵੱਡਾ ਝਟਕਾ ਲੱਗਾ ਹੈ। ਪਰ ਆਮ ਆਦਮੀ ਦੀ ਪਰੇਸ਼ਾਨੀ ਅਤੇ ਅਰਥਚਾਰੇ 'ਚ ਪਸਰੀ ਸੁਸਤੀ ਨੂੰ ਦੂਰ ਕਰਨ ਲਈ ਬੈਂਕ ਨੇ ਤਿੰਨ ਵੱਡੇ ਐਲਾਨ ਵੀ ਕੀਤੇ ਹਨ। ਇਸ ਨਾਲ ਕੇਂਦਰੀ ਬੈਂਕ ਨੂੰ ਲੱਗਦਾ ਹੈ ਕਿ ਲੋਕਾਂ 'ਚ ਖਪਤ ਵਧੇਗੀ ਅਤੇ ਅਰਥਵਿਵਸਥਾ 'ਚ ਤੇਜ਼ੀ ਆਵੇਗੀ।

ਆਨਲਾਈਨ ਮਿਲੇਗਾ 50 ਲੱਖ ਦਾ ਕਰਜ਼ਾ

ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਹੁਣ ਕੋਈ ਵੀ ਵਿਅਕਤੀ ਜਾਂ ਫਿਰ ਬੈਂਕ ਜਾਂ NBFC ਕੰਪਨੀ ਕਿਸੇ ਨੂੰ ਵੀ ਆਨਲਾਈਨ 50 ਲੱਖ ਰੁਪਏ ਤੱਕ ਦਾ ਲੋਨ ਦੇ ਸਕੇਗੀ। ਪਹਿਲਾਂ ਇਹ ਹੱਦ ਇਕ ਵਿਅਕਤੀ ਲਈ 50 ਹਜ਼ਾਰ ਰੁਪਏ ਸੀ ਅਤੇ ਕਿਸੇ ਕੰਪਨੀ ਲਈ ਇਹ ਹੱਦ 10 ਲੱਖ ਰੁਪਏ ਤੱਕ ਦੀ ਸੀ। ਇਹ ਸਹੂਲਤ ਸਿਰਫ ਪੀਅਰ-ਟੂ-ਪੀਅਰ ਪਲੇਟਫਾਰਮ 'ਤੇ ਮਿਲੇਗੀ। ਲੋਨ ਤੋਂ ਇਲਾਵਾ ਲੋਕ ਇਨ੍ਹਾਂ ਪਲੇਟਫਾਰਮ 'ਤੇ ਇੰਨੀ ਹੀ ਰਾਸ਼ੀ ਦਾ ਨਿਵੇਸ਼ ਵੀ ਕਰ ਸਕਣਗੇ। ਜਿਨ੍ਹਾਂ ਨੂੰ ਜ਼ਿਆਦਾ ਰਿਟਰਨ ਦੀ ਉਮੀਦ ਹੈ ਉਨ੍ਹਾਂ ਲਈ ਕੇਂਦਰੀ ਬੈਂਕ ਜਲਦੀ ਹੀ ਦਿਸ਼ਾ-ਨਿਰਦੇਸ਼ ਜਾਰੀ ਕਰੇਗਾ।

ਲਾਂਚ ਹੋਵੇਗਾ 10 ਹਜ਼ਾਰ ਰੁਪਏ ਦਾ ਨਵਾਂ ਪ੍ਰੀਪੇਡ ਕਾਰਡ

ਕੇਂਦਰੀ ਬੈਂਕ ਨੇ ਕਿਹਾ ਹੈ ਕਿ ਜਲਦੀ ਹੀ ਉਹ ਨਵਾਂ ਪ੍ਰੀਪੇਡ ਕਾਰਡ ਲਾਂਚ ਕਰਨ ਜਾ ਰਹੀ ਹੈ, ਜਿਸਦਾ ਇਸਤੇਮਾਲ ਲੋਕ ਖਰੀਦਦਾਰੀ ਅਤੇ ਹੋਰ ਦੁਕਾਨਾਂ 'ਤੇ ਭੁਗਤਾਨ ਲਈ ਕਰ ਸਕਣਗੇ। ਇਸ ਕਾਰਡ ਵਿਚ ਲੋਕ ਇਕ ਵਾਰ 'ਚ ਵਧ ਤੋਂ ਵਧ 10 ਹਜ਼ਾਰ ਰੁਪਏ ਦੀ ਰਾਸ਼ੀ ਲੋਡ ਕਰ ਸਕਣਗੇ। ਹਾਲਾਂਕਿ ਇਸ ਕਾਰਡ 'ਚ ਸਿਰਫ ਬੈਂਕ ਖਾਤੇ ਤੋਂ ਹੀ ਪੈਸਾ ਲੋਡ ਜਾਂ ਫਿਰ ਰੀ-ਲੋਡ ਕੀਤਾ ਜਾ ਸਕੇਗਾ। ਇਸ ਕਾਰਡ ਦਾ ਇਸਤੇਮਾਲ ਸਿਰਫ ਡਿਜੀਟਲ ਤਰੀਕੇ ਨਾਲ ਭੁਗਤਾਨ ਲਈ ਕੀਤਾ ਜਾ ਸਕੇਗਾ। ਇਸ ਲਈ ਰਿਜ਼ਰਵ ਬੈਂਕ 31 ਦਸੰਬਰ ਨੂੰ ਹੋਰ ਦਿਸ਼ਾ-ਨਿਰਦੇਸ਼ ਜਾਰੀ ਕਰੇਗਾ। ਇਹ ਇਕ ਮੋਬਾਈਲ ਵਾਲੇਟ ਦੀ ਤਰ੍ਹਾਂ ਹੋਵੇਗਾ।

ATM ਦੀ ਸੁਰੱਖਿਆ ਹੋਵੇਗੀ ਯਕੀਨੀ

ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ATM ਦੀ ਸੁਰੱਖਿਆ ਹੋਰ ਯਕੀਨੀ ਬਣਾਉਣ ਲਈ ਕਿਹਾ ਹੈ। ਇਸ ਲਈ ਬੈਂਕਾਂ ਨੂੰ ਕਿਹਾ ਜਾਏਗਾ ਕਿ ਉਹ ਥਰਡ ਪਾਰਟੀ ਜਿਹੜੀ ATM ਦਾ ਸਰਵਰ ਅਤੇ ਸਵਿੱਚ ਐਪਲੀਕੇਸ਼ਨ ਦੇਖਦੀ ਹੈ, ਉਨ੍ਹਾਂ ਨਾਲ ਆਪਣੇ ਕਰਾਰ ਨੂੰ ਬਦਲੇ। ਇਸ ਨਾਲ ਸਾਫਟਵੇਅਰ 'ਚ ਬਦਲਾਅ, ਸਰਵੀਲਾਂਸ, ਡਾਟਾ ਦੇ ਸਟੋਰੇਜ ਅਤੇ ATM ਦੀ ਨਿਗਰਾਨੀ ਲਈ ਇਕ ਨਵਾਂ ਸਿਸਟਮ ਵਿਕਸਿਤ ਕਰੇ। ATM 'ਚ ਹੋ ਰਹੇ ਫਰਾਡ, ਕਲੋਨਿੰਗ ਅਤੇ ਫਿਸ਼ਿੰਗ ਨੂੰ ਰੋਕਣ ਲਈ ਹਰੇਕ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾਵੇਗੀ।