ਡਾਲਰ 'ਤੇ ਸਰਕਾਰ ਤੇ RBI ਦੀ ਨਜ਼ਰ, NRI ਬਾਂਡ ਜਲਦ ਹੋ ਸਕਦੈ ਜਾਰੀ

Friday, Oct 26, 2018 - 11:23 AM (IST)

ਨਵੀਂ ਦਿੱਲੀ— ਭਾਰਤੀ ਰਿਜ਼ਰਵ ਬੈਂਕ ਰੁਪਏ ਨੂੰ ਸਹਾਰਾ ਦੇਣ ਲਈ ਐੱਨ. ਆਰ. ਆਈ. ਬਾਂਡ ਜਾਰੀ ਕਰ ਸਕਦਾ ਹੈ, ਜਿਸ ਦਾ ਫਾਇਦਾ ਪ੍ਰਵਾਸੀ ਭਾਰਤੀਆਂ ਨੂੰ ਹੋ ਸਕਦਾ ਹੈ। ਰਿਪੋਰਟਾਂ ਮੁਤਾਬਕ, ਨਵੰਬਰ ਮਹੀਨੇ 'ਚ ਈਰਾਨ 'ਤੇ ਅਮਰੀਕਾ ਵੱਲੋਂ ਲਗਾਈ ਪਾਬੰਦੀ ਦਾ ਪੂਰਾ ਅਸਰ ਨਜ਼ਰ ਆਉਣ ਲੱਗੇਗਾ ਅਤੇ ਅਮਰੀਕੀ ਫੈਡਰਲ ਰਿਜ਼ਰਵ ਦੀ ਬੈਠਕ ਵੀ ਹੋਵੇਗੀ। ਇਨ੍ਹਾਂ ਦੋ ਅਹਿਮ ਘਟਨਾਵਾਂ ਦੇ ਬਾਅਦ ਹੀ ਡਾਲਰ ਜਮ੍ਹਾ ਆਕਰਸ਼ਤ ਕਰਨ ਲਈ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਜਾਰੀ ਕੀਤੇ ਜਾਣ ਵਾਲੇ ਐੱਨ. ਆਰ. ਆਈ. ਬਾਂਡ ਦੀ ਰੂਪ-ਰੇਖਾ, ਮਾਤਰਾ ਅਤੇ ਆਕਾਰ 'ਤੇ ਫੈਸਲਾ ਹੋਵੇਗਾ। ਜਾਣਕਾਰੀ ਮੁਤਾਬਕ, ਰਿਜ਼ਰਵ ਬੈਂਕ ਅਤੇ ਸਰਕਾਰ ਵਿਚਕਾਰ ਐੱਨ. ਆਰ. ਆਈ. ਬਾਂਡ 'ਤੇ ਚੱਲ ਰਹੀ ਗੱਲਬਾਤ ਅੰਤਿਮ ਦੌਰ 'ਚ ਹੈ। ਹਾਲਾਂਕਿ ਸਤੰਬਰ ਅਤੇ ਅਕਤੂਬਰ ਦੀ ਸ਼ੁਰੂਆਤ ਦੇ ਮੁਕਾਬਲੇ ਇਸ ਤਰ੍ਹਾਂ ਦੇ ਉਪਾਅ ਦੀ ਜ਼ਰੂਰਤ ਹੁਣ ਘੱਟ ਹੈ ਕਿਉਂਕਿ ਉਸ ਸਮੇਂ ਡਾਲਰ ਦੇ ਮੁਕਾਬਲੇ ਰੁਪਏ 'ਚ ਤੇਜ਼ ਗਿਰਾਵਟ ਰਹੀ ਸੀ।

ਇਕ ਅਧਿਕਾਰੀ ਨੇ ਕਿਹਾ ਕਿ ਰੁਪਏ 'ਚ ਗਿਰਾਵਟ ਸ਼ੁਰੂ ਹੋਣ ਦੇ ਨਾਲ ਹੀ ਐੱਨ. ਆਰ. ਆਈ. ਬਾਂਡ 'ਤੇ ਚਰਚਾ ਚੱਲ ਰਹੀ ਹੈ। ਹਮੇਸ਼ਾ ਇਹ ਇਕ ਬਦਲ ਮੌਜੂਦ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਕੋਈ ਸਮਾਂ ਸਾਰਣੀ ਨਹੀਂ ਹੈ ਕਿ ਕਦੋਂ ਇਸ ਤਰ੍ਹਾਂ ਦੀ ਯੋਜਨਾ ਦਾ ਐਲਾਨ ਕੀਤਾ ਜਾਵੇਗਾ। ਅਧਿਕਾਰੀ ਨੇ ਕਿਹਾ ਕਿ ਅਸੀਂ ਆਗਾਮੀ ਹਫਤਿਆਂ 'ਚ ਹੋਣ ਵਾਲੀਆਂ ਪ੍ਰਮੁੱਖ ਘਟਨਾਵਾਂ 'ਤੇ ਨਜ਼ਰ ਬਣਾਏ ਹੋਏ ਹਾਂ।

ਸੂਤਰਾਂ ਨੇ ਕਿਹਾ ਕਿ ਸਰਕਾਰ ਅਤੇ ਰਿਜ਼ਰਵ ਬੈਂਕ ਵਿਚਕਾਰ ਹੋਈ ਚਰਚਾ 2013 ਵਾਲੇ ਬਾਂਡ ਦੇ ਪੱਖ 'ਚ ਜਾ ਰਹੀ ਹੈ। ਸਤੰਬਰ 2013 'ਚ ਮਨਮੋਹਨ ਸਰਕਾਰ ਨੇ ਸਾਰੇ ਬੈਂਕਾਂ ਜ਼ਰੀਏ 3,000 ਕਰੋੜ ਡਾਲਰ ਦਾ 'ਵਿਦੇਸ਼ੀ ਕਰੰਸੀ ਗੈਰ-ਨਿਵਾਸੀ ਡਿਪਾਜ਼ਿਟ' ਬਾਂਡ (ਐੱਫ. ਸੀ. ਐੱਨ. ਆਰ.-ਬੀ) ਜਾਰੀ ਕੀਤਾ ਸੀ। ਮਨਮੋਹਨ ਸਰਕਾਰ ਨੇ ਇਹ ਬਾਂਡ ਉਦੋਂ ਪੇਸ਼ ਕੀਤਾ ਸੀ, ਜਦੋਂ ਡਾਲਰ ਦੇ ਮੁਕਾਬਲੇ ਰੁਪਿਆ ਡਿੱਗ ਕੇ 68.84 'ਤੇ ਪਹੁੰਚ ਗਿਆ ਸੀ। ਇਹ ਬਾਂਡ ਤਿੰਨ ਸਾਲ ਦਾ ਸੀ।


Related News