ਬੰਧਨ ਬੈਂਕ ਨੂੰ ਬਰਾਂਚਾਂ ਖੋਲ੍ਹਣ ਲਈ RBI ਨੇ ਦਿੱਤੀ ਮਨਜ਼ੂਰੀ, ਰੋਕ ਹਟਾਈ

02/26/2020 1:36:16 PM

ਨਵੀਂ ਦਿੱਲੀ—  ਨਿੱਜੀ ਬੈਂਕ 'ਚ ਨੌਕਰੀ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਮੌਕਾ ਮਿਲ ਸਕਦਾ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਬੰਧਨ ਬੈਂਕ 'ਤੇ ਲਾਈ ਸਖਤ ਪਾਬੰਦੀ ਹਟਾ ਦਿੱਤੀ ਹੈ ਅਤੇ ਉਸ ਨੂੰ ਬਿਨਾਂ ਇਜਾਜ਼ਤ ਹੋਰ ਬਰਾਂਚਾਂ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਰਿਜ਼ਰਵ ਬੈਂਕ ਨੇ ਇਹ ਸ਼ਰਤ ਰੱਖੀ ਹੈ ਕਿ ਬੰਧਨ ਬੈਂਕ ਨੂੰ ਨਵੀਆਂ ਬਰਾਂਚਾਂ 'ਚੋਂ 25 ਫੀਸਦੀ ਨੂੰ ਉਨ੍ਹਾਂ ਪੇਂਡੂ ਖੇਤਰਾਂ 'ਚ ਖੋਲ੍ਹਣਾ ਹੋਵੇਗਾ ਜਿੱਥੇ ਬੈਂਕਿੰਗ ਸੇਵਾਵਾਂ ਉਪਲੱਬਧ ਨਹੀਂ ਹਨ, ਯਾਨੀ ਕਈ ਲੋਕਾਂ ਨੂੰ ਰੋਜ਼ਗਾਰ ਮਿਲ ਸਕਦਾ ਹੈ।


ਸਤੰਬਰ 2018 'ਚ ਆਰ. ਬੀ. ਆਈ. ਨੇ ਉਸ ਦੀ ਪ੍ਰਵਾਨਗੀ ਤੋਂ ਬਿਨਾਂ ਬੰਧਨ ਬੈਂਕ ਨੂੰ ਨਵੀਆਂ ਬਰਾਂਚਾਂ ਖੋਲ੍ਹਣ 'ਤੇ ਰੋਕ ਲਗਾ ਦਿੱਤੀ ਸੀ। ਬੈਂਕ ਦੇ ਮੁੱਖ ਕਰਾਜਕਾਰੀ ਚੰਦਰ ਸ਼ੇਖਰ ਗੋਸ਼ ਵੱਲੋਂ ਹਿੱਸੇਦਾਰੀ ਹੋਲਡਿੰਗ ਦੇ ਨਿਯਮਾਂ 'ਤੇ ਪੂਰਾ ਨਾ ਉਤਰਨ ਕਾਰਨ ਆਰ. ਬੀ. ਆਈ. ਨੇ ਬੈਂਕ ਨੂੰ ਉਨ੍ਹਾਂ ਦੀ ਤਨਖਾਹ ਫ੍ਰੀਜ਼ ਕਰਨ ਦੇ ਹੁਕਮ ਵੀ ਦਿੱਤੇ ਸਨ।

ਰਿਜ਼ਰਵ ਬੈਂਕ ਦੇ ਨਵੇਂ ਬੈਂਕਿੰਗ ਲਾਇਸੈਂਸ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਬੈਂਕ ਦੇ ਪ੍ਰਮੋਟਰ, ਨੂੰ ਕਾਰੋਬਾਰ ਸ਼ੁਰੂ ਕਰਨ ਦੇ ਤਿੰਨ ਸਾਲਾਂ ਅੰਦਰ ਆਪਣੀ ਹਿੱਸੇਦਾਰੀ ਨੂੰ 82 ਤੋਂ ਘਟਾ ਕੇ 40 ਫੀਸਦੀ ਕਰਨਾ ਹੈ। ਬੰਧਨ ਬੈਂਕ ਦੀ ਆਖਰੀ ਤਰੀਕ 23 ਅਗਸਤ ਸੀ। ਬੈਂਕ ਨੇ ਆਰ. ਬੀ. ਆਈ. ਨੂੰ ਭਰੋਸਾ ਦਿੱਤਾ ਹੈ ਕਿ ਉਹ ਹਿੱਸੇਦਾਰੀ ਹੋਲਡਿੰਗ 'ਤੇ ਲਾਇਸੈਂਸ ਦੀ ਸ਼ਰਤ ਦੀ ਪਾਲਣਾ ਕਰਨ ਲਈ ਜ਼ਰੂਰੀ ਕਦਮ ਚੁੱਕ ਰਿਹਾ ਹੈ। ਜ਼ਿਕਰਯੋਗ ਹੈ ਕਿ ਬੰਧਨ ਬੈਂਕ ਨੇ ਸਾਲ 2015 'ਚ 501 ਬਰਾਂਚਾਂ, 50 ਏ. ਟੀ. ਐੱਮ. ਤੇ 2002 ਡੋਰ ਸਟੈੱਪ ਸਰਵਿਸ ਸੈਂਟਰਾਂ ਨਾਲ ਸ਼ੁਰੂਆਤ ਕੀਤੀ ਸੀ।