‘ਵਿੱਤੀ ਸਥਿਰਤਾ ’ਤੇ RBI ਦੀ ਸਲਾਹ ਭਾਰਤ ਸਰਕਾਰ ਲਈ ਮਹੱਤਵਪੂਰਨ’ - IMF

12/11/2018 9:31:58 AM

ਵਾਸ਼ਿੰਗਟਨ - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਅਤੇ ਵਿੱਤ ਮੰਤਰਾਲਾ ਵਿਚ ਤਣਾਅ ਦੀਆਂ ਖਬਰਾਂ ਦਰਮਿਆਨ ਇੰਟਰਨੈਸ਼ਨਲ ਮੋਨੇਟਰੀ ਫੰਡ (ਆਈ. ਐੱਮ. ਐੱਫ.) ਦੇ ਮੁੱਖ ਅਰਥਸ਼ਾਸਤਰੀ ਮੌਰਿਸ ਆਬਸਟਫੇਲਡ ਨੇ ਕਿਹਾ ਕਿ ਵਿੱਤੀ ਸਥਿਰਤਾ ਲਈ ਭਾਰਤ ਸਰਕਾਰ ਨੂੰ ਰਿਜ਼ਰਵ ਬੈਂਕ ਦੀ ਗੱਲ ਉੱਤੇ ਧਿਆਨ ਦੇਣਾ ਚਾਹੀਦਾ ਹੈ।   ਉਨ੍ਹਾਂ ਕਿਹਾ ਕਿ ਆਈ. ਐੱਮ. ਐੱਫ. ਨਹੀਂ ਚਾਹੁੰਦਾ ਕਿ ਸਿਆਸੀ ਲਾਹੇ ਲਈ ਸਿਆਸਤਦਾਨ ਕੇਂਦਰੀ ਬੈਂਕਾਂ ਦੇ ਕੰਮ-ਕਾਜ ਵਿਚ ‘ਦਖਲਅੰਦਾਜ਼ੀ’ ਕਰਨ। 

ਸਰਕਾਰ ਅਤੇ ਰਿਜ਼ਰਵ ਬੈਂਕ ਦਰਮਿਆਨ ਦੇਸ਼ ਵਿਚ ਹਾਲ ਵਿਚ ਬਣੇ ਹਾਲਾਤ ਦੀ ਪਿੱਠਭੂਮੀ ਵਿਚ ਆਬਸਟਫੇਲਡ ਨੇ ਕਿਹਾ, ‘‘ਇਸ ਉੱਤੇ ਇਕ ਲੰਮੀ ਬਹਿਸ ਹੈ ਕਿ ਵਿੱਤੀ ਸਥਿਰਤਾ ਲਈ ਕੀ ਇਹ ਬਿਹਤਰ ਹੋਵੇਗਾ ਕਿ ਇਸ ਨੂੰ ਕੇਂਦਰੀ ਬੈਂਕ ਦੀ ਹੱਦ ਵਿਚ ਰਹਿਣਾ ਚਾਹੀਦਾ ਹੈ ਜਾਂ ਉਸ ਨੂੰ ਇਕ ਸੁਤੰਤਰ ਰੈਗੂਲੇਟਰ ਵਾਂਗ ਕੰਮ ਕਰਨਾ ਚਾਹੀਦਾ ਹੈ। ਬ੍ਰਿਟੇਨ ਨੇ 1997 ਵਿਚ ਆਪਣੇ ਕੇਂਦਰੀ ਬੈਂਕ ਨੂੰ ਭੰਗ ਕੀਤਾ ਅਤੇ ਬਾਅਦ ਵਿਚ ਉਨ੍ਹਾਂ ਨੂੰ ਇਕੱਠਿਆਂ ਜੋੜ ਦਿੱਤਾ। ਮੈਂ ਇਸ ਵਿਸ਼ੇ ਉੱਤੇ ਕੋਈ ਪੱਖ ਨਹੀਂ ਲੈ ਰਿਹਾ ਪਰ ਮੇਰਾ ਮੰਨਣਾ ਹੈ ਕਿ ਕੇਂਦਰੀ ਬੈਂਕ ਇਕ ਹੱਦ ਤੱਕ ਭੁਗਤਾਨ ਪ੍ਰਣਾਲੀ ਅਤੇ ਵਿੱਤੀ ਸਥਿਰਤਾ ਦੀ ਚਿੰਤਾ ਤੋਂ ਵਾਕਫ਼ ਹੁੰਦੇ ਹਨ।’’ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਰਿਜ਼ਰਵ ਬੈਂਕ ਅਤੇ ਭਾਰਤ ਸਰਕਾਰ ਦਰਮਿਆਨ ਅੱਗੇ ਕਿਵੇਂ ਕੰਮ ਕਰਨਾ ਹੈ, ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਉਨ੍ਹਾਂ ਦੀ ਰਾਇ ਹੈ ਕਿ ਵਿੱਤੀ ਸਥਿਰਤਾ ਦਾ ਆਰ. ਬੀ. ਆਈ. ਦਾ ਸੰਦੇਸ਼ ਮਹੱਤਵਪੂਰਨ ਅਤੇ ਸਹੀ ਹੈ ਅਤੇ ਸਰਕਾਰ ਨੂੰ ਇਸ ਉੱਤੇ ਧਿਆਨ ਦੇਣ ਦੀ ਜ਼ਰੂਰਤ ਹੈ।