ਖ਼ੁਸ਼ਖ਼ਬਰੀ! ਹੁਣ 26 ਰਾਜਾਂ 'ਚ ਮਿਲੇਗੀ ਰਾਸ਼ਨ ਕਾਰਡਧਾਰਕਾਂ ਨੂੰ ਇਹ ਸੁਵਿਧਾ

09/01/2020 8:29:21 PM

ਨਵੀਂ ਦਿੱਲੀ— ਰਾਸ਼ਨ ਕਾਰਡ ਪੋਰਟੇਬਿਲਟੀ ਯੋਜਨਾ 'ਇਕ ਰਾਸ਼ਟਰ-ਇਕ ਰਾਸ਼ਨ ਕਾਰਡ' 'ਚ ਹੁਣ ਲੱਦਾਖ ਤੇ ਲਕਸ਼ਦੀਪ ਦੇ ਸ਼ਾਮਲ ਹੋਣ ਨਾਲ ਇਸ ਯੋਜਨਾ ਨਾਲ ਜੁੜੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਕੁੱਲ ਗਿਣਤੀ 26 ਹੋ ਗਈ ਹੈ, ਜਿਸ ਦਾ ਫਾਇਦਾ ਸਰਕਾਰੀ ਰਾਸ਼ਨ ਲੈਣ ਵਾਲੇ ਲੋਕਾਂ ਨੂੰ ਹੋਵੇਗਾ।

ਇਸ ਯੋਜਨਾ ਦੇ ਲਾਭਪਾਤਰ ਉਸੇ ਰਾਸ਼ਨ ਕਾਰਡ ਨਾਲ ਸਸਤੀ ਕੀਮਤ 'ਤੇ ਦੇਸ਼ ਦੇ ਕਿਸੇ ਵੀ ਕੋਨੇ 'ਚ ਸਰਕਾਰ ਵੱਲੋਂ ਮਿਲਦਾ ਰਾਸ਼ਨ ਲੈ ਸਕਦੇ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਤਮਨਿਰਭਰ ਰਾਹਤ ਪੈਕੇਜ ਦੇ ਐਲਾਨ ਦੌਰਾਨ ਇਸ ਦਾ ਜ਼ਿਕਰ ਕੀਤਾ ਸੀ।

ਹੁਣ ਤੱਕ ਨਿਯਮ ਇਹ ਸੀ ਕਿ ਤੁਹਾਡਾ ਰਾਸ਼ਨ ਕਾਰਡ ਜਿਸ ਜ਼ਿਲ੍ਹੇ ਦਾ ਬਣਿਆ ਹੈ ਉਸੇ ਜ਼ਿਲੇ 'ਚ ਰਾਸ਼ਨ ਮਿਲ ਸਕਦਾ ਸੀ। ਜ਼ਿਲ੍ਹਾ ਬਦਲਣ 'ਤੇ ਵੀ ਇਸ ਦਾ ਫਾਇਦਾ ਨਹੀਂ ਮਿਲਦਾ ਸੀ। ਕੋਰੋਨਾ ਸੰਕਟ ਸਮੇਂ ਗਰੀਬਾਂ ਤੱਕ ਰਾਹਤ ਪਹੁੰਚਾਉਣਾ ਇਸ ਨਿਯਮ ਕਾਰਨ ਵੱਡੀ ਚੁਣੌਤੀ ਸੀ। 'ਇਕ ਰਾਸ਼ਟਰ-ਇਕ ਰਾਸ਼ਨ ਕਾਰਡ' 'ਚ ਬਾਕੀ ਬਚੇ ਸੂਬਿਆਂ ਨੂੰ ਮਾਰਚ 2021 ਤੱਕ ਸ਼ਾਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਸਰਕਾਰ ਨੇ ਇਕ ਬਿਆਨ 'ਚ ਕਿਹਾ ਕਿ ਲੱਦਾਖ ਤੇ ਲਕਸ਼ਦੀਪ ਦੇ ਇਸ ਯੋਜਨਾ 'ਚ ਸ਼ਾਮਲ ਹੋਣ ਨਾਲ ਹੁਣ 26 ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ 'ਇਕ ਰਾਸ਼ਟਰ-ਇਕ ਰਾਸ਼ਨ ਕਾਰਡ' ਯੋਜਨਾ ਤਹਿਤ ਨਿਰਵਿਘਨ ਰੂਪ ਨਾਲ ਇਕ-ਦੂਜੇ ਨਾਲ ਜੁੜ ਗਏ ਹਨ ਅਤੇ ਇਸ ਨਾਲ 65 ਕਰੋੜ ਲੋਕਾਂ ਨੂੰ ਫਾਇਦਾ ਹੋਵੇਗਾ।


Sanjeev

Content Editor

Related News