ਰਤਨ ਟਾਟਾ ਨੂੰ ਪਿਆਰ ਤਾਂ ਹੋਇਆ ਪਰ ਇਸ ਕਾਰਨ ਨਹੀਂ ਹੋ ਸਕਿਆ ਵਿਆਹ

02/14/2020 4:46:27 PM

ਨਵੀਂ ਦਿੱਲੀ — ਟਾਟਾ ਗਰੁੱਪ ਦੇ ਚੇਅਰਮੈਨ ਰਤਨ ਟਾਟਾ(82) ਨੇ ਪਿਆਰ ਅਤੇ ਆਪਣੇ ਪਾਲਣ-ਪੋਸ਼ਣ ਨਾਲ ਜੁੜੀ ਨਿੱਜੀ ਜਾਣਕਾਰੀ ਸ਼ੇਅਰ ਕੀਤੀ ਹੈ। ਟਾਟਾ ਨੇ 'ਫੇਸਬੁੱਕ ਪੇਜ਼ ਹਿਊਮਨਜ਼ ਆਫ ਬੰਬੇ' 'ਤੇ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਦੱਸਿਆ, 'ਲਾਸ ਏਜਿਲਿਸ 'ਚ ਕਾਲਜ ਦੀ ਪੜ੍ਹਾਈ ਪੂਰੀ ਕਰਨ ਦੇ ਬਾਅਦ ਮੈਂ ਦੋ ਸਾਲ ਆਰਕੀਟੈਕਚਰ ਕੰਪਨੀ ਵਿਚ ਨੌਕਰੀ ਕੀਤੀ। 1962 ਦਾ ਉਹ ਦੌਰ ਬਹੁਤ ਹੀ ਵਧੀਆ ਸੀ। ਮੇਰੇ ਕੋਲ ਆਪਣੀ ਕਾਰ ਸੀ ਅਤੇ ਮੈਨੂੰ ਆਪਣੀ ਨੌਕਰੀ ਬਹੁਤ ਹੀ ਚੰਗੀ ਲਗਦੀ ਸੀ। ਲਾਸ ਏਜਿਲਿਸ 'ਚ ਹੀ ਮੈਨੂੰ ਇਕ ਲੜਕੀ ਨਾਲ ਪਿਆਰ ਹੋ ਗਿਆ। ਮੈਂ ਵਿਆਹ ਕਰਨ ਹੀ ਵਾਲਾ ਸੀ ਕਿ ਦਾਦੀ ਦੀ ਤਬੀਅਤ ਖਰਾਬ ਹੋਣ ਕਾਰਨ ਮੈਨੂੰ ਭਾਰਤ ਵਾਪਸ ਆਉਣ ਦਾ ਫੈਸਲਾ ਲੈਣਾ ਪਿਆ। ਸੋਚਿਆ ਸੀ ਕਿ ਜਿਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਉਹ ਵੀ ਨਾਲ ਚੱਲੇਗੀ। ਪਰ ਭਾਰਤ-ਚੀਨ ਜੰਗ ਕਾਰਨ ਉਸ ਦੇ ਮਾਤਾ-ਪਿਤਾ ਤਿਆਰ ਨਹੀਂ ਹੋਏ ਅਤੇ ਰਿਸ਼ਤਾ ਖਤਮ ਹੋ ਗਿਆ।'  

ਦਾਦੀ ਨੇ ਕੀਤਾ ਪਾਲਣ-ਪੋਸ਼ਣ

ਤਿੰਨ ਸੀਰੀਜ਼ ਦੀ ਪਹਿਲੀ ਗੱਲਬਾਤ 'ਚ ਰਤਨ ਲਿਖਦੇ ਹਨ, 'ਮੈਂ 10 ਸਾਲ ਦਾ ਸੀ ਉਸ ਸਮੇਂ ਮੇਰੇ ਪਿਤਾ ਨਵਲ ਟਾਟਾ ਅਤੇ ਮਾਂ ਸੋਨੀ ਦਾ ਤਲਾਕ ਹੋ ਗਿਆ। ਦਾਦੀ ਨਵਜਬਾਈ ਨੇ ਟਾਟਾ ਦਾ ਪਾਲਣ-ਪੋਸ਼ਣ ਕੀਤਾ। ਮਾਤਾ-ਪਿਤਾ ਦੇ ਵੱਖ ਹੋਣ ਕਾਰਨ ਮੈਨੂੰ ਅਤੇ ਮੇਰੇ ਭਰਾ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪਰ ਫਿਰ ਵੀ ਬਚਪਨ ਖੁਸ਼ੀ ਨਾਲ ਬੀਤਿਆ। ਦੂਜੀ ਵਿਸ਼ਵ ਜੰਗ ਦੇ ਬਾਅਦ ਦਾਦੀ ਸਾਨੂੰ ਦੋਵਾਂ ਭਰਾਵਾਂ ਨੂੰ ਛੁੱਟੀਆਂ ਲਈ ਲੰਡਨ ਲੈ ਗਈ। ਉਥੇ ਉਨ੍ਹਾਂ ਨੇ ਸਾਨੂੰ ਜ਼ਿੰਦਗੀ ਦੀ ਅਹਿਮੀਅਤ ਦੱਸੀ। ਉਨ੍ਹਾਂ ਨੇ ਸਮਝਾਇਆ ਕਿ ਇੱਜ਼ਤ ਹਰ ਚੀਜ਼ ਤੋਂ ਉੱਪਰ ਹੁੰਦੀ ਹੈ। 

ਪਿਤਾ ਨਾਲ ਵਿਚਾਰਾਂ ਦੇ ਮਤਭੇਦ

ਆਪਣੇ ਪਿਤਾ ਨਾਲ ਵਿਚਾਰਾਂ ਦੇ ਮਤਭੇਦ ਬਾਰੇ ਟਾਟਾ ਨੇ ਦੱਸਿਆ ਕਿ, 'ਮੈਂ ਵਾਇਲਨ ਸਿੱਖਣਾ ਚਾਹੁੰਦਾ ਸੀ, ਪਿਤਾ ਪਿਯਾਨੋ 'ਤੇ ਜ਼ੋਰ ਦਿੰਦੇ ਸਨ। ਮੈਂ ਅਮਰੀਕਾ ਦੇ ਕਾਲਜ 'ਚ ਪੜ੍ਹਾਈ ਲਈ ਜ਼ੋਰ ਦਿੰਦਾ ਸੀ ਪਿਤਾ ਯੂ.ਕੇ. ਭੇਜਣਾ ਚਾਹੁੰਦੇ ਸਨ। ਮੇਰੀ ਆਰਕੀਟੈਕਟ ਬਣਨ ਦੀ ਇੱਛਾ ਸੀ ਪਰ ਪਿਤਾ ਚਾਹੁੰਦੇ ਸਨ ਕਿ ਮੈਂ ਇੰਜੀਨੀਅਰ ਬਣਾ। ਜੇਕਰ ਦਾਦੀ ਨਾ ਹੁੰਦੀ ਤਾਂ ਆਪਣੀਆਂ ਇੱਛਾਵਾਂ ਕਦੇ ਵੀ ਪੂਰੀਆਂ ਨਹੀਂ ਕਰ ਸਕਦਾ ਸੀ  ਅਤੇ ਨੀ ਹੀ ਕਦੇ ਅਮਰੀਕਾ ਪੜ੍ਹਾਈ ਕਰ ਪਾਉਂਦਾ। ਦਾਦੀ ਦੇ ਕਾਰਨ ਹੀ ਮੈਂ ਮਕੈਨਿਕਲ ਇੰਜੀਨੀਅਰਿੰਗ ਨਾਲ ਸਵਿੱਚ ਕਰਕੇ ਕਰਨੈਲ ਯੂਨੀਵਰਸਿਟੀ 'ਚ ਆਰਕੀਟੈਕਟ 'ਚ ਦਾਖਲਾ ਲੈ ਸਕਿਆ। ਪਿਤਾ ਥੋੜ੍ਹੇ ਨਾਰਾਜ਼ ਸਨ ਪਰ ਮੈਂ ਆਪਣਾ ਫੈਸਲਾ ਲੈ ਕੇ ਖੁਸ਼ ਸੀ। ਇਹ ਗੱਲ ਵੀ ਦਾਦੀ ਨੇ ਹੀ ਸਿਖਾਈ ਕਿ ਆਪਣੀ ਗੱਲ ਰੱਖਣ ਦੀ ਹਿੰਮਤ ਦਾ ਤਰੀਕਾ ਵੀ ਸੱਭਿਆ ਹੋ ਸਕਦਾ ਹੈ।'