ਈਰਾਨ ਓਪੇਕ ਦਾ ਪ੍ਰਮੁੱਖ ਮੈਂਬਰ ਦੇਸ਼ : ਓਪੇਕ ਪ੍ਰਮੁੱਖ

09/18/2018 10:29:32 PM

ਫੁਜਾਰਾਹ -ਤੇਲ ਬਰਾਮਦ ਦੇਸ਼ਾਂ ਦੇ ਸੰਗਠਨ ਓਪੇਕ ਨੇ  ਕਿਹਾ ਕਿ ਈਰਾਨ ਸੰਗਠਨ ਦਾ ਕਾਫ਼ੀ ਮਹੱਤਵਪੂਰਨ ਮੈਂਬਰ ਹੈ।  ਅਮਰੀਕਾ ਇਸ ਸਮੇਂ ਈਰਾਨ ’ਤੇ  ਨਵੇਂ ਸਿਰਿਓਂ ਪਾਬੰਦੀਆਂ ਲਾਉਣ ਦੀ ਤਿਆਰੀ ’ਚ ਹੈ ਅਤੇ ਇਸ ’ਚ ਕੱਚੇ ਤੇਲ ਦੇ ਬਰਾਮਦ ਨੂੰ  ਨਿਸ਼ਾਨਾ ਬਣਾਇਆ ਜਾ ਰਿਹਾ ਹੈ।  ਓਪੇਕ ਪ੍ਰਮੁੱਖ ਮੁਹੰਮਦ ਬਾਰਕਿੰਡੋ ਨੇ ਗਲਫ  ਇੰਟੈਲੀਜੈਂਸ ਐਨਰਜੀ ਫੋਰਮ ’ਚ ਕਿਹਾ, ‘‘ਈਰਾਨ ਓਪੇਕ ਦਾ ਕਾਫ਼ੀ ਮਹੱਤਵਪੂਰਨ ਮੈਂਬਰ ਹੈ  ਅਤੇ ਸਾਡੇ ਕੋਲ ਸਾਰੇ ਮੈਂਬਰਾਂ ਦੇ ਨਾਲ ਕੰਮ ਕਰਨ ਤੋਂ ਇਲਾਵਾ ਕੋਈ ਬਦਲ ਨਹੀਂ ਹੈ।’’  ਈਰਾਨ ਮਹੱਤਵਪੂਰਨ ਤੇਲ ਬਰਾਮਦਕਾਰ ਦੇਸ਼ ਹੈ। ਹਾਲਾਂਕਿ ਉਨ੍ਹਾਂ ਇਸ ਗੱਲ ਨੂੰ ਸਪੱਸ਼ਟ ਨਹੀਂ  ਕੀਤਾ ਕਿ ਈਰਾਨ ਤੋਂ ਬਰਾਮਦ ’ਚ ਗਿਰਾਵਟ ਦੀ ਪੂਰਤੀ ਤੇਲ ਉਤਪਾਦਕ ਦੇਸ਼ ਕਿਵੇਂ ਕਰਨਗੇ।  ਅਮਰੀਕਾ 4 ਨਵੰਬਰ ਤੋਂ ਈਰਾਨ ’ਤੇ ਪਾਬੰਦੀਆਂ ਲਾਵੇਗਾ ਅਤੇ ਇਸ ਨਾਲ ਤੇਲ ਉਦਯੋਗ ’ਤੇ ਅਸਰ  ਪਵੇਗਾ। ਈਰਾਨ ਦੇ ਓਪੇਕ ਗਵਰਨਰ ਹੁਸੈਨ ਕਾਜੇਮਪੁਰ ਅਰਦੇਬਿਲੀ ਨੇ ਸ਼ਨੀਵਾਰ ਨੂੰ ਕਿਹਾ ਸੀ  ਕਿ ‘ਓਪੇਕ ਦੀ ਹੁਣ ਬਹੁਤ ਸਾਖ ਬਚੀ ਨਹੀਂ’ ਹੈ। ਉਨ੍ਹਾਂ ‘ਅਮਰੀਕਾ ਲਈ ਹਥਿਆਰ’ ਬਣਨ ਨੂੰ  ਲੈ ਕੇ ਖਾੜੀ ਖੇਤਰ ਦੇ ਪ੍ਰਮੁੱਖ ਦੇਸ਼ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਦੀ  ਆਲੋਚਨਾ ਕੀਤੀ। ਕੌਮਾਂਤਰੀ ਊਰਜਾ ਏਜੰਸੀ (ਆਈ. ਈ. ਏ.) ਅਨੁਸਾਰ ਈਰਾਨ ਦਾ ਉਤਪਾਦਨ ਜੁਲਾਈ  2016 ਤੋਂ ਹੇਠਲੇ ਪੱਧਰ ’ਤੇ ਪਹੁੰਚ ਗਿਆ ਹੈ। ਇਸ ਦਾ ਕਾਰਨ ਪ੍ਰਮੁੱਖ ਖਰੀਦਦਾਰ ਭਾਰਤ  ਅਤੇ ਚੀਨ ਨੇ ਈਰਾਨ ਤੋਂ ਦੂਰੀ ਬਣਾ ਲਈ ਹੈ।