ਇਨਸਾਈਡਰ ਟ੍ਰੇਡਿੰਗ'' ''ਚ ਫਸੇ ਅਰਬਪਤੀ ਨਿਵੇਸ਼ਕ ਰਾਕੇਸ਼ ਝੁਨਝੁਨਵਾਲਾ, SEBI ਕਰ ਰਹੀ ਜਾਂਚ

01/28/2020 1:04:03 PM

ਮੁੰਬਈ — ਅਰਬਪਤੀ ਨਿਵੇਸ਼ਕ ਰਾਕੇਸ਼ ਝੁਨਝੁਨਵਾਲਾ ਦੀਆਂ ਹਰਕਤਾਂ ਦੀ ਕਥਿਤ 'ਇਨਸਾਈਡਰ ਟ੍ਰੇਡਿੰਗ' ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ। ਇਸ ਕੇਸ ਬਾਰੇ ਜਾਣੂ ਦੋ ਲੋਕਾਂ ਨੇ ਦੱਸਿਆ ਕਿ ਸਿਕਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਇਹ ਜਾਂਚ ਏਪਟੇਕ ਲਿਮਟਿਡ ਦੇ ਸ਼ੇਅਰਾਂ ਨਾਲ ਜੁੜੇ ਇਕ ਮਾਮਲੇ 'ਚ ਕਰ ਰਿਹਾ ਹੈ। ਇਹ ਐਜੂਕੇਸ਼ਨ ਕੰਪਨੀ ਝੁਨਝੁਨਵਾਲਾ ਅਤੇ ਉਨ੍ਹਾਂ ਦੇ ਪਰਿਵਾਰ ਦੀ ਹੈ। ਸੇਬੀ ਪਰਿਵਾਰ ਦੇ ਹੋਰ ਮੈਂਬਰਾਂ ਦੀ ਭੂਮਿਕਾ ਬਾਰੇ ਵੀ ਜਾਂਚ ਕਰ ਰਹੀ ਹੈ, ਜਿਹੜੇ ਇਸ ਕੰਪਨੀ ਵਿਚ ਸ਼ੇਅਰਧਾਰਕ ਹਨ। ਇਸ ਦੇ ਨਾਲ ਹੀ ਕੰਪਨੀ 'ਚ ਨਿਵੇਸ਼ਕ ਰਮੇਸ਼ ਐਸ. ਦਮਾਨੀ ਅਤੇ ਕੰਪਨੀ ਦੇ ਨਿਰਦੇਸ਼ਕ ਮਧੂ ਜਯਾਕੁਮਾਰ ਸਮੇਤ ਕੁਝ ਬੋਰਡ ਮੈਂਬਰਾਂ ਦੀ ਭੂਮਿਕਾ ਦੀ ਵੀ ਜÎਾਂਚ ਹੋ ਰਹੀ ਹੈ।
ਹਾਲਾਂਕਿ ਈ.ਟੀ. ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਿਆ ਕਿ ਕਿਸ ਮਿਆਦ ਦੌਰਾਨ ਇਨਸਾਈਡਰ ਟ੍ਰੇਡਿੰਗ ਦੇ ਨਿਯਮਾਂ ਦਾ ਕਥਿਤ ਤੌਰ 'ਤੇ ਉਲੰਘਣਾ ਕੀਤੀ ਗਈ ਸੀ। ਸੇਬੀ ਨੇ ਝੁਨਝੁਨਵਾਲਾ ਅਤੇ ਹੋਰਨਾਂ ਨੂੰ ਦਿੱਤੇ ਆਪਣੇ ਨੋਟਿਸ ਵਿਚ ਉਨ੍ਹਾਂ ਨੂੰ ਅੰਦਰੂਨੀ ਕਾਰੋਬਾਰ ਦੀ ਸ਼ੱਕੀ ਗਤੀਵਿਧੀਆਂ ਦੀ ਜਾਂਚ 'ਚ ਸਹਿਯੋਗ ਕਰਨ ਲਈ ਕਿਹਾ ਹੈ। 

ਝੁਨਝੁਨਵਾਲਾ ਤੋਂ ਇਲਾਵਾ ਉਸ ਦੀ ਪਤਨੀ ਰੇਖਾ, ਭਰਾ ਰਾਜੇਸ਼ ਕੁਮਾਰ, ਸੱਸ ਸੁਸ਼ੀਲਾ ਦੇਵੀ ਗੁਪਤਾ ਨੂੰ ਵੀ ਸੇਬੀ ਨੇ 24 ਜਨਵਰੀ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਝੁਨਝੁਨਵਾਲਾ ਸੇਬੀ ਦੇ ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਏ ਸਨ ਅਤੇ ਉਨ੍ਹਾਂ ਕੋਲੋਂ ਮੁੰਬਈ ਦੇ ਬਾਂਦਰਾ-ਕੁਰਲਾ ਕੰਪਲੈਕਸ ਵਿਖੇ ਸੇਬੀ ਹੈੱਡਕੁਆਰਟਰ ਵਿਖੇ ਕਰੀਬ ਦੋ ਘੰਟੇ ਪੁੱਛਗਿੱਛ ਕੀਤੀ ਗਈ। ਆਪਣੇ ਵਕੀਲਾਂ ਨਾਲ ਪਹੁੰਚੇ ਝੁਨਝੁਨਵਾਲਾ ਨੇ ਜਾਂਚ ਅਧਿਕਾਰੀ ਨੂੰ ਦੱਸਿਆ ਸੀ ਕਿ ਉਹ ਆਪਣੇ ਪਰਿਵਾਰ ਦੀ ਨੁਮਾਇੰਦਗੀ ਕਰ ਰਹੇ ਹਨ।

ਝੁਨਝੁਨਵਾਲਾ ਦੀ ਭੈਣ ਸੁਧਾ ਗੁਪਤਾ ਨੂੰ ਸੇਬੀ ਨੇ 23 ਜਨਵਰੀ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਝੁਨਝੁਨਵਾਲਾ ਦੀ ਸੰਪਤੀ ਪ੍ਰਬੰਧਨ ਫਰਮ ਰੇਅਰ ਐਂਟਰਪ੍ਰਾਈਜਜ ਦੇ ਸੀ.ਈ.ਓ. ਉੱਪਲ ਸੇਠ ਦੀ ਭੈਣ ਅਤੇ ਏਪਟੇਕ ਦੇ ਡਾਇਰੈਕਟਰ ਊਸ਼ਮਾ ਸੇਠ ਸੁਲੇ ਨੂੰ 28 ਜਨਵਰੀ ਨੂੰ ਬੁਲਾਇਆ ਗਿਆ ਹੈ।

ਕੀ ਹੁੰਦੀ ਹੈ ਇਨਸਾਈਡਰ ਟ੍ਰੇਡਿੰਗ

ਕੰਪਨੀਆਂ ਦੇ ਪ੍ਰਬੰਧਨ 'ਚ ਸ਼ਾਮਲ ਲੋਕਾਂ ਕੋਲ ਉਸ ਨਾਲ ਜੁੜੀ ਮਹੱਤਵਪੂਰਣ ਜਾਣਕਾਰੀ ਹੁੰਦੀ ਹੈ ਅਤੇ ਜੇਕਰ ਉਸ ਜਾਣਕਾਰੀ ਦੇ ਜਨਤਕ ਹੋਣ ਤੋਂ ਪਹਿਲਾਂ ਉਸ ਦੇ ਆਧਾਰ 'ਤੇ ਉਹ ਸ਼ੇਅਰਾਂ ਦੀ ਵਿਕਰੀ ਅਤੇ ਖਰੀਦ ਨਾਲ ਸਬੰਧਤ ਕੋਈ ਕਦਮ ਉਠਾਉਂਦੇ ਹਨ, ਜਿਸ ਨਾਲ ਕੀਮਤ 'ਤੇ ਅਸਰ ਪਏ ਤਾਂ ਇਸ ਨੂੰ ਮੋਟੇ ਤੌਰ 'ਤੇ ਇਨਸਾਈਡਰ ਟ੍ਰੇਡਿੰਗ ਕਿਹਾ ਜਾਂਦਾ ਹੈ।
 


Related News