ਟਰੇਨਾਂ 'ਚ ਮੁਫਤ Wi-Fi ਸਰਵਿਸ ਸ਼ੁਰੂ ਕਰਨ ਦੀ ਯੋਜਨਾ 'ਚ ਸਰਕਾਰ

10/23/2019 2:24:15 PM

ਨਵੀਂ ਦਿੱਲੀ— ਪੰਜ ਸਾਲਾਂ ਦੌਰਾਨ ਟਰੇਨ ਦਾ ਸਫਰ ਹੋਰ ਆਨੰਦਮਈ ਹੋਣ ਜਾ ਰਿਹਾ ਹੈ। ਰੇਲਵੇ ਮੰਤਰੀ ਪੀਊਸ਼ ਗੋਇਲ ਨੇ ਕਿਹਾ ਹੈ ਕਿ ਸਰਕਾਰ ਚਾਰ ਤੋਂ ਪੰਜ ਸਾਲਾਂ ਦੌਰਾਨ ਰੇਲ ਮੁਸਾਫਰਾਂ ਨੂੰ ਟਰੇਨਾਂ 'ਚ ਵੀ ਮੁਫਤ ਵਾਈ-ਫਾਈ ਸਰਵਿਸ ਦੇਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਗੋਇਲ ਇਸ ਸਮੇਂ ਸਵੀਡਨ 'ਚ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਵਾਈ ਫਾਈ ਸੇਵਾ ਭਾਰਤ 'ਚ ਲਗਭਗ 5,150 ਰੇਲਵੇ ਸਟੇਸ਼ਨਾਂ 'ਤੇ ਉਪਲੱਬਧ ਹੈ ਤੇ ਅਗਲੇ ਸਾਲ ਦੇ ਅੰਤ ਤੱਕ ਸਾਰੇ 6,500 ਸਟੇਸ਼ਨਾਂ 'ਤੇ ਵਾਈ-ਫਾਈ ਸੇਵਾਵਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


ਮੰਤਰੀ ਨੇ ਕਿਹਾ ਕਿ ਟਰੇਨਾਂ 'ਚ ਵਾਈ-ਫਾਈ ਉਪਲੱਬਧ ਕਰਵਾਉਣ ਲਈ ਕਾਫੀ ਨਿਵੇਸ਼ ਦੀ ਜ਼ਰੂਰਤ ਹੋਵੇਗੀ। ਇਸ ਲਈ ਪਟੜੀ ਦੇ ਕੰਢੇ ਟਾਵਰ ਲਾਉਣ ਦੇ ਨਾਲ ਹੀ ਟਰੇਨਾਂ ਅੰਦਰ ਵੀ ਰਾਊਟਰ ਲਗਾਉਣਾ ਹੋਵੇਗਾ। ਇਸ ਤਕਨੀਕ 'ਤੇ ਕੰਮ ਕਰਨ ਲਈ ਰੇਲਵੇ ਨੂੰ ਵਿਦੇਸ਼ੀ ਤਕਨੀਕ ਤੇ ਨਿਵੇਸ਼ਕਾਂ ਦੇ ਸਹਾਰੇ ਦੀ ਜ਼ਰੂਰਤ ਹੋਵੇਗੀ। ਗੋਇਲ ਨੇ ਕਿਹਾ ਕਿ ਇਸ ਨਾਲ ਸੁਰੱਖਿਆ ਵੀ ਪੁੱਖਤਾ ਹੋਵੇਗੀ। ਹਰ ਡੱਬੇ 'ਚ ਸੀ. ਸੀ. ਟੀਵੀ ਦੀ ਲਾਈਵ ਫੀਡ ਨਜ਼ਦੀਕੀ ਥਾਣੇ 'ਚ ਜਾਵੇਗੀ।
ਟਰੇਨਾਂ ਦੇ ਓਪਰੇਸ਼ਨ ਲਈ ਸਿਗਨਲ ਸਿਸਟਮ 'ਚ ਵੀ ਵਾਈ-ਫਾਈ ਦਾ ਇਸਤੇਮਾਲ ਕੀਤਾ ਜਾਵੇਗਾ। ਗੋਇਲ ਨੇ ਕਿਹਾ ਕਿ ਰੇਲਵੇ ਸਟੇਸ਼ਨਾਂ ਨੂੰ ਵੀ ਨਿੱਜੀ ਫਰਮਾਂ ਦੇ ਸਹਿਯੋਗ ਨਾਲ ਬਣਾਇਆ ਜਾ ਰਿਹਾ ਹੈ। ਭੋਪਾਲ ਦੇ ਹਬੀਬਗੰਜ ਸਟੇਸ਼ਨ ਦਾ ਉਦਾਹਰਣ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਹ ਸਟੇਸ਼ਨ ਜਲਦ ਪੂਰੀ ਤਰ੍ਹਾਂ ਤਿਆਰ ਹੋਣ ਵਾਲਾ ਹੈ। ਸਟੇਸ਼ਨ ਤੋਂ ਇਲਾਵਾ ਰੇਲਵੇ ਦੀਆਂ ਖਾਲੀ ਪਈਆਂ ਜ਼ਮੀਨਾਂ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖਾਲੀ ਜ਼ਮੀਨਾਂ 'ਤੇ ਸੋਲਰ ਪਾਰਕ ਲਗਾਏ ਜਾਣਗੇ, ਜਿਸ ਨਾਲ ਰੇਲਵੇ ਆਪਣੀ ਜ਼ਰੂਰਤ ਨੂੰ ਪੂਰਾ ਸਕੇਗਾ।