15 ਅਪ੍ਰੈਲ ਤੋਂ 3 ਮਈ ਦੇ ਦਰਮਿਆਨ ਕੀਤੀਆਂ ਗਈਆਂ 39 ਲੱਖ ਟਿਕਟਾਂ ਰੱਦ ਕਰੇਗਾ ਰੇਲਵੇ

04/15/2020 6:26:45 PM

ਨਵੀਂ ਦਿੱਲੀ (ਭਾਸ਼ਾ)- ਲਾਕਡਾਊਨ ਦੇ ਮੱਦੇਨਜ਼ਰ ਰੇਲਵੇ 15 ਅਪ੍ਰੈਲ ਤੋਂ 3 ਮਈ ਤਕ ਦੇ ਵਿਚਕਾਰ ਕੀਤੀਆਂ ਗਈਆਂ 39 ਲੱਖ ਟਿਕਟਾਂ ਰੱਦ ਕਰੇਗਾ। 14 ਅਪ੍ਰੈਲ ਤਕ ਲਾਏ ਗਏ ਲਾਕਡਾਊਨ ਦੇ ਦੌਰਾਨ ਟਰੇਨ ਦੀਆਂ ਟਿਕਟਾਂ ਬੁੱਕ ਕਰਨ ਦੀ ਸਹੂਲਤ ਜਾਰੀ ਸੀ ਅਤੇ ਇਸ ਦੌਰਾਨ ਇਹ ਟਿਕਟਾਂ ਬੁੱਕ ਕੀਤੀਆਂ ਗਈਆਂ। ਮੰਗਲਵਾਰ ਨੂੰ ਲਾਕਡਾਊਨ ਵਧਾਉਣ ਦੇ ਬਾਅਦ ਰੇਲਵੇ ਨੇ ਨਾ ਸਿਰਫ 3 ਮਈ ਤਕ ਆਪਣੀਆਂ ਸਾਰੀਆਂ ਯਾਤਰੀ ਸੇਵਾਵਾਂ ਮੁਲਤਵੀ ਕਰ ਦਿੱਤੀਆਂ ਹਨ ਸਗੋਂ ਐਡਵਾਂਸ ਬੁਕਿੰਗ ਵੀ ਰੋਕ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ ਉਡਾਣ ਸੇਵਾਵਾਂ ਹੀ 3 ਮਈ ਤਕ ਸਥਗਿਤ ਕਰ ਦਿੱਤੀਆਂ ਗਈਆਂ ਹਨ। ਹਾਲਾਂਕਿ ਮੁੰਬਈ ’ਚ ਭੀੜ ਇਕੱਠੀ ਹੋਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਣ ਨੂੰ ਰੋਕਣ ਨੂੰ ਲੈ ਕੇ ਰੇਲਵੇ ਨੇ ਮੰਗਲਵਾਰ ਰਾਤ ਇਕ ਵਾਰ ਫਿਰ ਸਪਸ਼ੱਟ ਕੀਤਾ ਹੈ ਕਿ ਪੂਰੇ ਦੇਸ਼ ’ਚ 3 ਮਈ 2020 ਤਕ ਯਾਤਰੀ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਲੋਕਾਂ ਦੀ ਭੀੜ ਹਟਾਉਣ ਲਈ ਵਿਸ਼ੇਸ਼ ਟਰੇਨ ਚੱਲਾਉਣ ਦੀ ਕੋਈ ਯੋਜਨਾ ਨਹੀਂ ਹੈ। ਇਸ ਐਲਾਨ ਨਾਲ ਕਰੀਬ 15,000 ਟਰੇਨਾਂ ਦੀ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। 

ਰੇਲਵੇ ਨੇ ਦੱਸਿਆ, ਮਾਲਗੱਡੀਆਂ ਚੱਲਦੀਆਂ ਰਹਿਣਗੀਆਂ
ਰੇਲਵੇ ਨੇ ਇਕ ਬਿਆਨ ’ਚ ਕਿਹਾ ਕਿ ਕੋਵਿਡ-19 ਕਾਰਣ ਕੀਤੇ ਗਏ ਲਾਕਡਾਊਨ ਦੇ ਮੱਦੇਨਜ਼ਰ ਜਾਰੀ ਉਪਾਅ ’ਚ ਭਾਰਤੀ ਰੇਲ ਦੀਆਂ ਸਾਰੀਆਂ ਯਾਤਰੀ ਰੇਲ ਸੇਵਾਵਾਂ ਨੂੰ 3 ਮਈ 2020 ਤਕ ਰੱਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਹਾਲਾਂਕਿ, ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਜ਼ਰੂਰਾਂ ਸਮਾਨਾਂ ਦੀ ਸਪਲਾਈ ਯਕੀਨਨ ਕਰਨ ਲਈ ਮਾਲ ਅਤੇ ਪਾਰਸਲ ਗੱਡੀਆਂ ਦੀ ਆਵਾਜਾਈ ਜਾਰੀ ਰਹੇਗੀ। ਬਿਆਨ ’ਚ ਕਿਹਾ ਗਿਆ ਹੈ ਕਿ ਅਗਲੇ ਆਦੇਸ਼ ਤਕ ਕਿਸੇ ਤਰ੍ਹਾਂ ਦੀਆਂ ਟਿਕਟਾਂ ਦੀ ਕੋਈ ਬੁਕਿੰਗ ਨਹੀਂ ਕੀਤੀ ਜਾਵੇਗੀ। ਹਾਲਾਂਕਿ, ਪਹਿਲੇ ਬੁੱਕ ਕੀਤੀਆਂ ਜਾ ਚੁੱਕੀਆਂ ਟਿਕਟਾਂ ਨੂੰ ਰੱਦ ਕਰਨ ਦੀ ਆਨਲਾਈਨ ਸੁਵਿਧਾ ਜਾਰੀ ਰਹੇਗੀ।

Karan Kumar

This news is Content Editor Karan Kumar