ਟਰੇਨ ''ਚ ਹੋਈ ਦੇਰੀ ਤਾਂ ਹੁਣ ਮੋਬਾਇਲ ''ਤੇ ਮਿਲੇਗਾ SMS ਅਲਰਟ

11/18/2019 12:44:18 PM

ਨਵੀਂ ਦਿੱਲੀ— ਜਲਦ ਹੀ ਰੇਲ ਮੁਸਾਫਰਾਂ ਲਈ ਇਕ ਖਾਸ ਸੁਵਿਧਾ ਸ਼ੁਰੂ ਹੋਣ ਜਾ ਰਹੀ ਹੈ, ਜਿਸ ਨਾਲ ਟਰੇਨ ਆਉਣ 'ਚ ਦੇਰੀ ਹੋਣ 'ਤੇ ਹੁਣ ਬੇਵਜ੍ਹਾ ਸਟੇਸ਼ਨ 'ਤੇ ਇੰਤਜ਼ਾਰ ਨਹੀਂ ਕਰਨਾ ਪਵੇਗਾ। ਭਾਰਤੀ ਰੇਲਵੇ ਨੇ ਐਲਾਨ ਕੀਤਾ ਹੈ ਕਿ ਮੁਸਾਫਰਾਂ ਨੂੰ ਟਰੇਨ ਪਹੁੰਚਣ ਬਾਰੇ ਸਟੀਕ ਸੂਚਨਾ ਉਪਲੱਬਧ ਕਰਵਾਈ ਜਾਵੇਗੀ। ਸਰਦੀ ਦੇ ਮੌਸਮ 'ਚ ਕੋਹਰੇ ਦੀ ਵਜ੍ਹਾ ਨਾਲ ਟਰੇਨਾਂ ਤੇ ਜਹਾਜ਼ਾਂ 'ਚ ਦੇਰੀ ਹੋਣੀ ਸ਼ੁਰੂ ਹੋ ਜਾਂਦੀ ਹੈ।


ਮੁਸਾਫਰਾਂ ਨੂੰ ਪ੍ਰੇਸ਼ਾਨੀ ਨਾ ਹੋਵੇ ਇਸ ਲਈ ਰੇਲਵੇ ਜਲਦ ਹੀ ਐੱਸ. ਐੱਮ. ਐੱਸ. ਰਾਹੀਂ ਤੁਹਾਨੂੰ ਟਰੇਨ ਦੀ ਰੀਅਲ ਟਾਈਮ ਜਾਣਕਾਰੀ ਦੇਵੇਗਾ। ਇਸ ਸਰਵਿਸ ਦਾ ਮੁਸਾਫਰਾਂ ਨੂੰ ਕਾਫੀ ਫਾਇਦਾ ਹੋਵੇਗਾ। ਜੇਕਰ ਟਰੇਨ ਦੇ ਪਹੁੰਚਣ 'ਚ 1 ਘੰਟੇ ਦੀ ਦੇਰੀ ਹੁੰਦੀ ਹੈ ਤਾਂ ਉਸ ਗੱਡੀ ਦੇ ਸਾਰੇ ਮੁਸਾਫਰਾਂ ਨੂੰ ਐੱਸ. ਐੱਮ. ਐੱਸ. ਅਲਰਟ ਭੇਜਿਆ ਜਾਵੇਗਾ। ਇਸ ਬਾਰੇ ਰੇਲ ਮੰਤਰੀ ਪਿਊਸ਼ ਗੋਇਲ ਨੇ ਟਵੀਟ ਵੀ ਕੀਤਾ ਹੈ।
ਇਸ 'ਚ ਉਨ੍ਹਾਂ ਕਿਹਾ ਹੈ ਕਿ ਭਾਰਤੀ ਰੇਲਵੇ ਸਰਦੀ ਦੇ ਮੌਸਮ 'ਚ ਮੁਸਾਫਰਾਂ ਨੂੰ ਬਿਹਤਰ ਸੁਵਿਧਾਵਾਂ ਦੇਣ ਦੀ ਪੂਰੀ ਤਿਆਰੀ 'ਚ ਹੈ। ਉਨ੍ਹਾਂ ਨੇ ਇਸ ਨਾਲ ਇਕ ਵੀਡੀਓ ਵੀ ਸਾਂਝਾ ਕੀਤਾ ਹੈ, ਜਿਸ 'ਚ ਕਿਹਾ ਗਿਆ ਹੈ ਕਿ ਟਰੇਨ 'ਚ ਦੇਰੀ ਹੋਣ 'ਤੇ ਯਾਤਰੀ ਦੇ ਮੋਬਾਇਲ ਨੰਬਰ 'ਤੇ ਸੂਚਨਾ ਦਿੱਤੀ ਜਾਵੇਗੀ। ਮੁਸਾਫਰਾਂ ਨੂੰ ਟਰੇਨ ਦੀ ਲੋਕੇਸ਼ਨ, ਉਸ ਦੇ ਸਟੇਸ਼ਨ ਪੁੱਜਣ ਦਾ ਅੰਦਾਜ਼ਨ ਸਮਾਂ ਐੱਸ. ਐੱਮ. ਐੱਸ. ਜ਼ਰੀਏ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਧੁੰਦ-ਕੋਹਰੇ ਤੋਂ ਸੁਰੱਖਿਆ ਲਈ ਟਰੇਨਾਂ 'ਚ ਫੌਗ ਸੇਫਟੀ ਡਿਵਾਈਸਿਜ਼ ਲਗਾਏ ਜਾਣਗੇ।