ਰੇਲਵੇ ਦੀ ਅਗਸਤ ਮਹੀਨੇ ''ਚ 12,000 ਕਰੋੜ ਰੁਪਏ ਘਟੀ ਆਮਦਨ

10/02/2019 12:12:31 AM

ਨਵੀਂ ਦਿੱਲੀ(ਇੰਟ.)-ਦੇਸ਼ ਦੀ ਵਿਗੜੀ ਆਰਥਿਕ ਹਾਲਤ ਦਰਮਿਆਨ ਭਾਰਤ ਲਈ ਕਿਤੋਂ ਵੀ ਕੋਈ ਚੰਗੀ ਖਬਰ ਨਹੀਂ ਆ ਰਹੀ। ਆਰਥਿਕ ਮੋਰਚੇ 'ਤੇ ਢਹਿ-ਢੇਰੀ ਹੋਈ ਮੋਦੀ ਸਰਕਾਰ ਲਈ ਇਕ ਹੋਰ ਝਟਕਾ ਦੇਣ ਵਾਲੀ ਖਬਰ ਆਈ ਹੈ। ਅਗਸਤ ਦੇ ਮਹੀਨੇ 'ਚ ਰੇਲਵੇ ਦੀ ਆਮਦਨ 12 ਹਜ਼ਾਰ ਰੁਪਏ ਘੱਟ ਗਈ। ਰੇਲਵੇ ਦੀ ਚਾਲੂ ਵਿੱਤੀ ਸਾਲ ਵਿਚ ਅਪ੍ਰੈਲ ਅਤੇ ਅਗਸਤ ਦੌਰਾਨ ਟਿਕਟਾਂ ਦੀ ਬੁਕਿੰਗ, ਢੋਆ-ਢੁਆਈ ਅਤੇ ਹੋਰਨਾਂ ਵੱਖ-ਵੱਖ ਮਦਾਂ ਵਿਚ ਆਮਦਨ ਪਿਛਲੇ ਸਾਲ ਦੇ ਬਰਾਬਰ ਸਮੇਂ ਦੀ ਤੁਲਨਾ 'ਚ 12,000 ਕਰੋੜ ਰੁਪਏ ਘੱਟ ਰਹੀ।

ਰਿਪੋਰਟ ਮੁਤਾਬਕ ਵਿੱਤੀ ਸਾਲ ਦੇ ਪਹਿਲੇ 5 ਮਹੀਨਿਆਂ 'ਚ ਰੇਲਵੇ ਵਾਧੇ ਦੇ ਆਪਣੇ ਕਿਸੇ ਵੀ ਨਿਸ਼ਾਨੇ ਨੂੰ ਹਾਸਲ ਕਰਨ ਵਿਚ ਨਾਕਾਮ ਰਿਹਾ। ਇਸ ਗਿਰਾਵਟ ਵਿਚ ਮੁਲਾਜ਼ਮਾਂ ਦੀ ਤਨਖਾਹ ਅਤੇ ਪੈਨਸ਼ਨ ਦੇ ਖਰਚ ਨੂੰ ਨਹੀਂ ਜੋੜਿਆ ਗਿਆ, ਜੇ ਇਨ੍ਹਾਂ ਨੂੰ ਜੋੜ ਦਿੱਤਾ ਜਾਏ ਤਾਂ ਰੇਲਵੇ ਦੀ ਆਮਦਨ ਵਿਚ ਕਮੀ ਦਾ ਅੰਕੜਾ ਹੋਰ ਵੀ ਵੱਧ ਸਕਦਾ ਹੈ। ਰਿਪੋਰਟ 'ਚ ਇਹ ਗੱਲ ਕਹੀ ਗਈ ਹੈ ਕਿ ਰੇਲਵੇ ਨੇ ਅਗਸਤ ਤੱਕ ਯਾਤਰੀ ਸੇਵਾਵਾਂ ਤੋਂ ਆਮਦਨ ਵਿਚ 9.65 ਫੀਸਦੀ ਦੇ ਵਾਧੇ ਦਾ ਨਿਸ਼ਾਨਾ ਰੱਖਿਆ ਸੀ ਪਰ ਅਸਲ ਵਿਚ ਉਹ ਸਿਰਫ 4.56 ਫੀਸਦੀ ਹੀ ਵਾਧਾ ਦਰਜ ਕਰ ਸਕਿਆ।

ਢੁਆਈ ਤੋਂ ਵਾਧੇ ਦੇ 12.22 ਫੀਸਦੀ ਦੇ ਨਿਸ਼ਾਨੇ ਦੇ ਮੁਕਾਬਲੇ ਵਿਚ ਅਸਲ 'ਚ ਇਹ ਵਾਧਾ ਸਿਰਫ 2.80 ਫੀਸਦੀ ਰਿਹਾ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਾਲ ਦੇ ਅੰਤ ਤੱਕ ਰੇਲਵੇ ਦੀ ਆਮਦਨ 30 ਹਜ਼ਾਰ ਕਰੋੜ ਰੁਪਏ ਤੱਕ ਘੱਟ ਰਹਿ ਸਕਦੀ ਹੈ। ਰੇਲਵੇ ਦੇ ਅਧਿਕਾਰੀਆਂ ਨੇ ਆਮਦਨ 'ਚ ਕਮੀ ਦਾ ਕੋਈ ਵੀ ਪੂਰਾ ਅੰਕੜਾ ਦੇਣ ਤੋਂ ਨਾਂਹ ਕਰ ਦਿੱਤੀ ਹੈ।


Karan Kumar

Content Editor

Related News