ਬੈਂਕ ''ਚ ਪੈਸੇ ਨੂੰ ਇਸ ਤਰ੍ਹਾਂ ਕਰਾਓ ਜਮ੍ਹਾ, ਹੋਵੇਗੀ ਚੰਗੀ ਕਮਾਈ

10/13/2017 11:51:40 AM

ਨਵੀਂ ਦਿੱਲੀ— ਹਾਲ ਹੀ 'ਚ ਬੈਂਕਾਂ ਵੱਲੋਂ ਬਚਤ ਖਾਤੇ 'ਤੇ ਵਿਆਜ ਦਰਾਂ ਘੱਟ ਕਰ ਦਿੱਤੀਆਂ ਗਈਆਂ ਹਨ। ਲਗਭਗ ਸਾਰੇ ਬੈਂਕਾਂ ਨੇ ਬਚਤ ਖਾਤੇ 'ਤੇ ਵਿਆਜ ਦਰ 4 ਫੀਸਦੀ ਤੋਂ ਘਟਾ ਕੇ 3.50 ਫੀਸਦੀ ਕਰ ਦਿੱਤੀ ਹੈ। ਅਜਿਹੇ 'ਚ ਤੁਹਾਨੂੰ ਬਚਤ ਖਾਤੇ 'ਤੇ ਸਾਲਾਨਾ ਜ਼ਿਆਦਾ ਕਮਾਈ ਨਹੀਂ ਹੋਵੇਗਾ ਪਰ ਜੇਕਰ ਤੁਹਾਡੇ ਖਾਤੇ 'ਚ ਪੈਸੇ ਜ਼ਿਆਦਾਤਰ 50,000 ਰੁਪਏ ਤਕ ਜਾਂ ਉਸ ਤੋਂ ਉਪਰ ਰਹਿੰਦੇ ਹਨ, ਤਾਂ ਤੁਸੀਂ ਇਸ ਨੂੰ ਐੱਫ. ਡੀ. 'ਚ ਨਿਵੇਸ਼ ਕਰਕੇ ਚੰਗੀ ਕਮਾਈ ਕਰ ਸਕਦੇ ਹੋ। ਹਾਲਾਂਕਿ ਐੱਫ. ਡੀ. 'ਤੇ ਵੀ ਬੈਂਕਾਂ ਨੇ ਵਿਆਜ ਦਰਾਂ ਘਟਾ ਦਿੱਤੀਆਂ ਹਨ ਪਰ ਜੇਕਰ ਤੁਸੀਂ ਬਿਨਾਂ ਕੋਈ ਰਿਸਕ ਲਏ ਪੈਸਾ ਨਿਵੇਸ਼ ਕਰਨਾ ਚਾਹੁੰਦੇ ਹੋ, ਤਾਂ ਇਹ ਤੁਹਾਡੀ ਲਈ ਵਧੀਆ ਸਕੀਮ ਹੈ।

ਮੰਨ ਲਓ ਜੇਕਰ ਤੁਸੀਂ ਛੋਟੀ-ਛੋਟੀ ਬਚਤ ਕਰਕੇ ਖਾਤੇ 'ਚ 1 ਲੱਖ ਰੁਪਏ ਜੋੜੇ ਹਨ ਅਤੇ ਉਸ 'ਤੇ ਜ਼ਿਆਦਾ ਵਿਆਜ ਲੈਣਾ ਚਾਹੁੰਦੇ ਹੋ ਤਾਂ ਐੱਫ. ਡੀ. ਇਕ ਚੰਗਾ ਬਦਲ ਹੈ। ਹੁਣ ਜੇਕਰ ਤੁਸੀਂ ਆਪਣੀ ਬੈਂਕ 'ਚ ਇਕ ਲੱਖ ਰੁਪਏ ਦੀ ਸਾਲ ਲਈ ਐੱਫ. ਡੀ. ਕਰਾਉਂਦੇ ਹੋ ਤਾਂ ਤੁਹਾਨੂੰ 6.50 ਫੀਸਦੀ (ਐੱਸ. ਬੀ. ਆਈ. 'ਚ) ਵਿਆਜ ਮਿਲੇਗਾ, ਯਾਨੀ ਕਿ ਤੁਹਾਨੂੰ ਵਿਆਜ ਦੇ ਤੌਰ 'ਤੇ 6,500 ਰੁਪਏ ਦੀ ਕਮਾਈ ਹੋਵੇਗੀ। ਉੱਥੇ ਹੀ, ਜੇਕਰ ਤੁਸੀਂ ਮਿਸ਼ਰਤ ਵਿਆਜ 'ਤੇ ਐੱਫ. ਡੀ. ਕਰਾਉਂਦੇ ਹੋ ਤਾਂ ਵਿਆਜ ਥੋੜ੍ਹਾ ਜ਼ਿਆਦਾ ਮਿਲੇਗਾ। 1 ਲੱਖ ਰੁਪਏ ਦੀ ਐੱਫ. ਡੀ ਕਰਾਉਣ ਦਾ ਫਾਇਦਾ ਇਹ ਹੋਵੇਗਾ ਕਿ ਅਗਲੇ ਸਾਲ ਦੌਰਾਨ ਜਦੋਂ ਕੋਈ ਦਿਨ ਤਿਉਹਾਰ 'ਤੇ ਤੁਸੀਂ ਕੋਈ ਖਰਚਾ ਕਰਨਾ ਹੋਵੇ ਤਾਂ ਇਹ ਵਿਆਜ ਦੀ ਕਮਾਈ ਤੁਹਾਡੇ ਕੰਮ ਆ ਸਕਦੀ ਹੈ। ਉੱਥੇ ਹੀ, ਯੋਜਨਾਬੱਧ ਤਰੀਕੇ ਨਾਲ ਨਿਵੇਸ਼ ਕਰਨ 'ਤੇ ਤੁਹਾਨੂੰ ਜ਼ਿਆਦਾ ਫਾਇਦਾ ਮਿਲੇਗਾ। ਮੰਨ ਲਓ ਜੇਕਰ ਤੁਸੀਂ ਕੋਈ ਬੀਮਾ ਕਵਰ ਲਿਆ ਹੈ ਅਤੇ ਉਸ ਦੀ ਕਿਸ਼ਤ ਦਾ ਭੁਗਤਾਨ ਅਗਲੇ ਸਾਲ ਅਕਤੂਬਰ 'ਚ ਕਰਨਾ ਹੈ ਤਾਂ ਤੁਸੀਂ ਇਸੇ ਮਹੀਨੇ ਐੱਫ. ਡੀ. 'ਚ ਨਿਵੇਸ਼ ਕਰਕੇ ਆਪਣੀ ਕਿਸ਼ਤ ਦਾ ਭੁਗਤਾਨ ਵਿਆਜ ਦੀ ਕਮਾਈ ਨਾਲ ਕਰ ਸਕਦੇ ਹੋ।

ਕਿਹੜਾ ਬੈਂਕ ਦੇ ਰਿਹੈ ਕਿੰਨਾ ਵਿਆਜ?
ਹੁਣ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) 'ਚ ਇਕ ਸਾਲ ਦੀ ਐੱਫ. ਡੀ. (ਫਿਕਸਡ ਡਿਪਾਜ਼ਿਟ) 'ਤੇ 6.50 ਫੀਸਦੀ ਵਿਆਜ ਮਿਲੇਗਾ, ਜੋ ਪਹਿਲਾਂ 6.75 ਫੀਸਦੀ ਸੀ। ਸੀਨੀਅਰ ਸਿਟੀਜ਼ਨ ਨੂੰ ਇਸ ਤਰ੍ਹਾਂ ਦੀ ਐੱਫ. ਡੀ. 'ਤੇ 7 ਫੀਸਦੀ ਵਿਆਜ ਬੈਂਕ ਵੱਲੋਂ ਦਿੱਤਾ ਜਾ ਰਿਹਾ ਹੈ। ਓਰੀਐਂਟਲ ਬੈਂਕ ਆਫ ਕਾਮਰਸ, ਪੰਜਾਬ ਨੈਸ਼ਨਲ ਬੈਂਕ ਅਤੇ ਬੈਂਕ ਆਫ ਬੜੌਦਾ 6.60 ਫੀਸਦੀ ਵਿਆਜ ਇਕ ਸਾਲ ਦੀ ਐੱਫ. ਡੀ. 'ਤੇ ਦੇ ਰਹੇ ਹਨ। ਉੱਥੇ ਹੀ, ਪ੍ਰਾਈਵੇਟ ਖੇਤਰ ਦਾ ਕੋਟਕ ਮਹਿੰਦਰਾ ਬੈਂਕ 1 ਸਾਲ 25 ਦਿਨ ਦੀ ਐੱਫ. ਡੀ. 'ਤੇ 6.90 ਫੀਸਦੀ ਵਿਆਜ ਦੇ ਰਿਹਾ ਹੈ। ਐਕਸਿਸ ਬੈਂਕ 6.75 ਫੀਸਦੀ ਵਿਆਜ ਦੇ ਰਿਹਾ ਹੈ ਅਤੇ ਸੀਨੀਅਰ ਸਿਟੀਜ਼ਨ ਦੇ ਨਾਮ 'ਤੇ ਐੱਫ. ਡੀ ਕਰਾਉਣ 'ਤੇ 7.25 ਫੀਸਦੀ ਵਿਆਜ ਬੈਂਕ ਵੱਲੋਂ ਦਿੱਤਾ ਜਾ ਰਿਹਾ ਹੈ। ਐੱਚ. ਡੀ. ਐੱਫ. ਸੀ. ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਵੱਲੋਂ ਵੀ 6.75 ਫੀਸਦੀ ਵਿਆਜ ਆਪਣੇ ਗਾਹਕਾਂ ਨੂੰ ਫਿਕਸਡ ਡਿਪਾਜ਼ਿਟ 'ਤੇ ਦਿੱਤਾ ਜਾ ਰਿਹਾ ਹੈ।