ਦਾਲਾਂ ਹੋਈਆਂ ਧੜਾਮ, ਜਾਣੋ ਕਿੰਨੇ ਡਿੱਗੇ ਮੁੱਲ

06/11/2017 8:46:03 AM

ਚੰਡੀਗੜ੍ਹ— ਪਿਛਲੇ ਬਹੁਤ ਚਿਰ ਤੋਂ ਅਸਮਾਨ 'ਤੇ ਚੱਲ ਰਹੇ ਦਾਲਾਂ ਦੇ ਮੁੱਲ ਹੁਣ ਬਹੁਤ ਹੇਠਾਂ ਡਿੱਗ ਗਏ ਹਨ। ਇਸ ਦਾ ਕਾਰਨ ਹੈ ਕਿ ਇਕ ਜੁਲਾਈ ਤੋਂ ਜੀ. ਐੱਸ. ਟੀ. ਲਾਗੂ ਹੋਣਾ ਹੈ, ਜਿਸ ਦੇ ਮੱਦੇਨਜ਼ਰ ਕਾਰੋਬਾਰੀ ਆਪਣਾ ਪੁਰਾਣਾ ਸਟਾਕ ਖਾਲੀ ਕਰਨ ਲੱਗ ਗਏ ਹਨ। ਪਿਛਲੇ ਕਾਫੀ ਸਮੇਂ ਤੋਂ ਦਾਲਾਂ ਦੇ ਮੁੱਲ ਬਹੁਤ ਵਧ ਗਏ ਸਨ ਪਰ ਅਚਾਨਕ ਹੀ ਥੋਕ ਬਾਜ਼ਾਰ 'ਚ ਦਾਲਾਂ ਦੇ ਮੁੱਲ 'ਚ ਕਾਫੀ ਗਿਰਾਵਟ ਆ ਗਈ ਹੈ।

ਅਰਹਰ ਦੀ ਦਾਲ ਜੋ ਕੁਝ ਦਿਨ ਪਹਿਲਾਂ 8500 ਰੁਪਏ ਕੁਇੰਟਲ ਸੀ, ਹੁਣ 5600 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਹੈ। ਮਾਹ ਸਾਬਤ ਦਾ ਵੀ ਇਹੀ ਹਾਲ ਹੈ, ਕੁਝ ਸਮਾਂ ਪਹਿਲਾਂ ਇਸ ਦਾ ਮੁੱਲ 9000 ਰੁਪਏ ਪ੍ਰਤੀ ਕੁਇੰਟਲ ਸੀ, ਜੋ ਹੁਣ ਡਿੱਗ ਕੇ 5500-6000 ਰੁਪਏ ਪ੍ਰਤੀ ਕੁਇੰਟਲ ਰਹਿ ਗਿਆ ਹੈ। ਮਸਰ ਵੀ 8500 ਰੁਪਏ ਪ੍ਰਤੀ ਕੁਇੰਟਲ ਤੋਂ ਹੇਠਾਂ ਡਿੱਗ ਕੇ 5800 ਰੁਪਏ ਪ੍ਰਤੀ ਕੁਇੰਟਲ 'ਤੇ ਆ ਗਏ ਹਨ। ਕਾਲੇ ਛੋਲੇ 6500 ਰੁਪਏ ਪ੍ਰਤੀ ਕੁਇੰਟਲ ਦੇ ਮੁੱਲ 'ਤੇ ਆ ਗਏ ਹਨ, ਜੋ ਪਹਿਲਾਂ 9000 ਰੁਪਏ ਪ੍ਰਤੀ ਕੁਇੰਟਲ 'ਤੇ ਸਨ। ਇਸੇ ਤਰ੍ਹਾਂ ਮੂੰਗ ਦੀ ਦਾਲ ਅਤੇ ਚਿੱਟੇ ਛੋਲੇ ਕ੍ਰਮਵਾਰ 5500 ਰੁਪਏ ਅਤੇ 7500 ਰੁਪਏ ਪ੍ਰਤੀ ਕੁਇੰਟਲ 'ਤੇ ਆ ਗਏ ਹਨ। ਜਾਣਕਾਰਾਂ ਦਾ ਮੰਨਣਾ ਹੈ ਕਿ ਮੁੱਖ ਤੌਰ 'ਤੇ ਜੀ. ਐੱਸ. ਟੀ. ਕਾਰਨ ਦਾਲਾਂ ਦੇ ਇੰਨੇ ਮੁੱਲ ਡਿੱਗੇ ਹਨ।
ਜੀ. ਐੱਸ. ਟੀ. 'ਚ ਕਿੰਨਾ ਲੱਗੇਗਾ ਟੈਕਸ?


ਜੀ. ਐੱਸ. ਟੀ. 'ਚ ਬ੍ਰਾਂਡੈਡ ਦਾਲਾਂ 'ਤੇ 5 ਫੀਸਦੀ ਟੈਕਸ ਲੱਗੇਗਾ ਪਰ ਗੈਰ-ਬ੍ਰਾਂਡੈਡ ਦਾਲਾਂ 'ਤੇ ਕੋਈ ਟੈਕਸ ਨਹੀਂ ਹੋਵੇਗਾ। ਜਦੋਂ ਕਿ ਅਜੇ ਕਾਰੋਬਾਰੀ ਸਾਰੀਆਂ ਦਾਲਾਂ 'ਤੇ 1.67 ਫੀਸਦੀ ਵੈਟ ਦੇ ਰਹੇ ਹਨ। ਯਾਨੀ ਥੋਕ ਕਾਰੋਬਾਰੀਆਂ ਕੋਲ ਇਸ ਸਮੇਂ ਜੋ ਵੀ ਦਾਲਾਂ ਦਾ ਸਟਾਕ ਹੈ, ਉਸ 'ਤੇ ਉਹ 1.67 ਫੀਸਦੀ ਵੈਟ ਦੇ ਚੁੱਕੇ ਹਨ। ਜੇਕਰ ਉਹ ਇਕ ਜੁਲਾਈ ਦੇ ਬਾਅਦ ਇਹ ਮਾਲ ਵੇਚਦੇ ਹਨ ਤਾਂ ਪਰਚੂਨ ਕਰਤਾ ਉਨ੍ਹਾਂ ਨੂੰ ਵੈਟ ਨਹੀਂ ਦੇਣਗੇ ਕਿਉਂਕਿ ਤਦ ਦਾਲਾਂ 'ਤੇ ਕੋਈ ਟੈਕਸ ਨਹੀਂ ਹੋਵੇਗਾ। ਜਿਸ ਦੇ ਮੱਦੇਨਜ਼ਰ ਥੋਕ ਕਾਰੋਬਾਰੀਆਂ ਨੂੰ ਨੁਕਸਾਨ ਹੋਵੇਗਾ। ਕਾਰੋਬਾਰੀਆਂ ਨੂੰ ਜੀ. ਐੱਸ. ਟੀ. ਨੂੰ ਲੈ ਕੇ ਹੋਰ ਵੀ ਖਦਸ਼ੇ ਹਨ। ਇਸ ਦੇ ਮੱਦੇਨਜ਼ਰ ਥੋਕ ਕਾਰੋਬਾਰੀ ਇਕ ਜੁਲਾਈ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਸਾਰਾ ਮਾਲ ਕੱਢਣਾ ਚਾਹੁੰਦੇ ਹਨ। 
ਆਮ ਲੋਕਾਂ ਨੂੰ ਨਹੀਂ ਹੋ ਰਿਹੈ ਫਾਇਦਾ
ਜੀ. ਐੱਸ. ਟੀ. ਲਾਗੂ ਹੋਣ ਦੇ ਮੱਦੇਨਜ਼ਰ ਦਾਲਾਂ ਦੇ ਮੁੱਲ ਥੋਕ ਬਾਜ਼ਾਰ 'ਚ ਤਾਂ ਡਿੱਗ ਗਏ ਹਨ ਪਰ ਆਮ ਲੋਕਾਂ ਨੂੰ ਇਸ ਦਾ ਕੋਈ ਫਾਇਦਾ ਨਹੀਂ ਹੋਇਆ ਹੈ। ਪਰਚੂਨ ਕਰਤਾਵਾਂ ਨੇ ਰੇਟ ਨਹੀਂ ਘਟਾਏ ਹਨ, ਵਿਚਲਾ ਸਾਰਾ ਮੁਨਾਫਾ ਉਹੀ ਕਮਾ ਰਹੇ ਹਨ। ਆਮ ਲੋਕਾਂ ਨੂੰ ਦਾਲਾਂ ਅਜੇ ਵੀ ਉਸੇ ਮੁੱਲ 'ਤੇ ਮਿਲ ਰਹੀਆਂ ਹਨ, ਜਿਸ 'ਤੇ ਪਹਿਲਾਂ ਮਿਲਦੀਆਂ ਸਨ।