ਰਿਟਰਨ ਭਰਨੀ ਹੋ ਜਾਏਗੀ ਸੌਖੀ, ਜਲਦ ਮਿਲਣ ਜਾ ਰਿਹੈ ਨਵਾਂ ਫਾਰਮ

02/06/2020 3:31:13 PM

ਨਵੀਂ ਦਿਲੀ— ਇਨਕਮ ਟੈਕਸ ਰਿਟਰਨ (ਆਈ. ਟੀ. ਆਰ.) ਫਾਰਮ 'ਚ ਤੁਹਾਨੂੰ ਮਿਊਚਲ ਫੰਡ ਤੇ ਇਕੁਇਟੀ ਦੀ ਵਿਕਰੀ ਤੋਂ ਹੋਈ ਕਮਾਈ ਦੀ ਜਾਣਕਾਰੀ ਭਰਨੀ ਮੁਸ਼ਕਲ ਲੱਗਦੀ ਹੈ ਤਾਂ ਤੁਹਾਡੇ ਲਈ ਗੁੱਡ ਨਿਊਜ਼ ਹੈ। ਹੁਣ ਜਲਦ ਹੀ 'ਪ੍ਰੀ-ਫਿਲਡ' ਯਾਨੀ ਪਹਿਲਾਂ ਤੋਂ ਭਰੇ ਆਈ. ਟੀ. ਆਰ. ਫਾਰਮ ਨਾਲ ਇਸ ਮੁਸ਼ਕਲ ਦਾ ਹੱਲ ਹੋਣ ਜਾ ਰਿਹਾ ਹੈ। ਇਸ ਨਾਲ ਤੁਸੀਂ 31 ਜੁਲਾਈ ਤੋਂ ਪਹਿਲਾਂ ਆਸਾਨੀ ਨਾਲ ਟੈਕਸ ਰਿਟਰਨ ਫਾਈਲ ਕਰ ਸਕੋਗੇ।

ਸੂਤਰਾਂ ਮੁਤਾਬਕ, ਪਹਿਲਾਂ ਤੋਂ ਹੀ ਨਿਵੇਸ਼ ਸੰਬੰਧੀ ਜਾਣਕਾਰੀ ਭਰੇ ਆਈ. ਟੀ. ਆਰ. ਫਾਰਮ ਤਿਆਰ ਕਰਨ ਦਾ ਕੰਮ ਜਲਦ ਪੂਰਾ ਹੋ ਜਾਵੇਗਾ ਤੇ ਆਉਣ ਵਾਲੇ ਕੁਝ ਮਹੀਨਿਆਂ 'ਚ ਇਸ ਸਿਸਟਮ ਨੂੰ ਲਾਗੂ ਕਰ ਦਿੱਤਾ ਜਾਵੇਗਾ। ਫਾਈਨੈਂਸ ਬਿੱਲ ਤੇ ਇਨਕਮ ਟੈਕਸ ਕਾਨੂੰਨ 'ਚ ਸੋਧਾਂ ਨਾਲ ਇਹ ਸੰਭਵ ਹੋਣ ਜਾ ਰਿਹਾ ਹੈ।
ਰਿਪੋਰਟਾਂ ਮੁਤਾਬਕ, ਇਨਕਮ ਟੈਕਸ ਵਿਭਾਗ ਬ੍ਰੋਕਰੇਜਾਂ ਤੇ ਹੋਰ ਭਾਈਵਾਲਾਂ ਨਾਲ ਗੱਲ ਕਰ ਰਿਹਾ ਹੈ ਤਾਂ ਕਿ ਸਮੇਂ 'ਤੇ ਉਨ੍ਹਾਂ ਨੂੰ ਡਾਟਾ ਮਿਲ ਸਕੇ ਅਤੇ ਟੈਕਸਦਾਤਾਵਾਂ ਨੂੰ ਪ੍ਰੀ-ਫਿਲਡ ਆਈ. ਟੀ. ਆਰ. ਫਾਰਮ ਦਿੱਤਾ ਜਾ ਸਕੇ। ਸਟਾਕ ਬਾਜ਼ਾਰ ਰੈਗੂਲੇਟਰ ਸੇਬੀ ਨਾਲ ਵੀ ਗੱਲ ਕਰਕੇ ਡਿਵੀਡੈਂਟ ਇਨਕਮ ਦੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ। ਕਿਸੇ ਵੀ ਹਾਲਤ 'ਚ 5,000 ਰੁਪਏ ਤੋਂ ਵੱਧ ਡਿਵੀਡੈਂਟ 'ਤੇ ਟੀ. ਡੀ. ਐੱਸ. ਦੇ ਪ੍ਰਸਤਾਵਿਤ ਸੋਧ ਨੂੰ ਫਾਰਮ 26-ਏਐੱਸ 'ਚ ਦਰਸਾਇਆ ਜਾਵੇਗਾ, ਜੋ ਆਈ. ਟੀ. ਆਰ. ਫਾਰਮ ਦੀ ਪ੍ਰੀ-ਫਾਈਲਿੰਗ 'ਚ ਮਦਦ ਕਰੇਗਾ। ਜ਼ਿਕਰਯੋਗ ਹੈ ਕਿ ਸਵੀਡਨ ਵਰਗੇ ਕੁਝ ਦੇਸ਼ ਪ੍ਰੀ-ਫਿਲਡ ਟੈਕਸ ਰਿਟਰਨ ਫਾਰਮ ਨੂੰ ਸਫਲਤਾਪੂਰਵਕ ਲਾਗੂ ਕਰ ਚੁੱਕੇ ਹਨ।