ਗੰਢੇ-ਆਲੂ ਹੋਏ ਸਸਤੇ ਪਰ ਖਾਣ ਵਾਲੇ ਤੇਲ ਵਿਗਾੜ ਰਹੇ ਰਸੋਈ ਦਾ ਬਜਟ

12/11/2020 6:01:16 PM

ਨਵੀਂ ਦਿੱਲੀ— ਬਾਜ਼ਾਰ ਵਿਚ ਨਵੇਂ ਆਲੂ ਦੀ ਆਮਦ ਹੋਣ ਨਾਲ ਇਸ ਦੀ ਕੀਮਤ ਕਾਬੂ ਵਿਚ ਆਉਣੀ ਸ਼ੁਰੂ ਹੋ ਗਈ ਹੈ। ਪਿਛਲੇ ਪੰਜ ਦਿਨਾਂ ਵਿਚ ਆਲੂ ਦੀਆਂ ਕੀਮਤਾਂ 40 ਰੁਪਏ ਪ੍ਰਤੀ ਕਿਲੋ ਤੱਕ ਆ ਗਈਆਂ ਹਨ। ਇਸ ਦੇ ਨਾਲ ਹੀ ਗੰਢਿਆਂ ਦੀ ਕੀਮਤ ਵੀ ਨਰਮ ਹੋਈ ਹੈ। ਹਾਲਾਂਕਿ, ਰਸੋਈ ਦਾ ਬਜਟ ਹੁਣ ਸਰ੍ਹੋਂ ਦੇ ਤੇਲ ਸਮੇਤ ਸਾਰੇ ਖਾਣ ਵਾਲੇ ਤੇਲਾਂ ਵਿਚ ਮਹਿੰਗਾਈ ਵਿਗਾੜ ਰਿਹਾ ਹੈ। ਖਪਤਕਾਰ ਮੰਤਰਾਲੇ ਦੀ ਵੈੱਬਸਾਈਟ 'ਤੇ ਦਿੱਤੇ ਗਏ ਅੰਕੜਿਆਂ ਅਨੁਸਾਰ, 6 ਦਸੰਬਰ ਨੂੰ ਦੇਸ਼ ਦੇ ਪ੍ਰਚੂਨ ਬਾਜ਼ਾਰਾਂ ਵਿਚ ਆਲੂ ਦੀ ਔਸਤ ਕੀਮਤ 42.88 ਰੁਪਏ ਸੀ, ਜੋ ਹੁਣ ਹੇਠਾਂ 36.62 ਰੁਪਏ 'ਤੇ ਆ ਗਈ ਹੈ।

ਇਸ ਦੇ ਨਾਲ ਹੀ ਪਿਆਜ਼ 50 ਤੋਂ 44 ਰੁਪਏ ਦੇ ਨੇੜੇ ਆ ਗਿਆ ਹੈ। ਹਾਲਾਂਕਿ, ਟਮਾਟਰ ਅਜੇ ਵੀ ਲਾਲ ਹੈ ਅਤੇ ਇਸ ਦੀ ਕੀਮਤ ਵਿਚ 6 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸੇ ਸਮੇਂ ਦੌਰਾਨ, ਖੁੱਲੀ ਚਾਹ ਵਿਚ ਤਕਰੀਬਨ 5 ਫ਼ੀਸਦੀ ਦਾ ਵਾਧਾ ਹੋਇਆ ਹੈ, 228.86 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਇਹ 239 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ।

ਖਾਣ ਵਾਲੇ ਤੇਲ ਮਹਿੰਗੇ-
ਇਨ੍ਹਾਂ 5 ਦਿਨਾਂ ਵਿਚ ਜ਼ਿਆਦਾਤਰ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿਚ ਦੇਖੀ ਗਈ। ਪੈਕ ਪਾਮ ਤੇਲ 100 ਰੁਪਏ ਤੋਂ 192 ਰੁਪਏ, ਸੂਰਜਮੁਖੀ ਦਾ ਤੇਲ 123 ਤੋਂ 127 ਅਤੇ ਸਰੋਂ ਦਾ ਤੇਲ 133 ਤੋਂ 137 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਿਆ, ਜਦੋਂ ਕਿ ਮੂੰਗਫਲੀ ਦੇ ਤੇਲ ਦੀਆਂ ਕੀਮਤਾਂ ਵਿਚ ਢਾਈ ਫ਼ੀਸਦੀ ਦੀ ਗਿਰਾਵਟ ਆਈ ਹੈ।

ਕਣਕ, ਚੌਲ, ਦਾਲ ਸਸਤੇ-
ਮੰਤਰਾਲਾ ਦੀ ਵੈੱਬਸਾਈਟ 'ਤੇ ਦਿੱਤੇ ਤਾਜ਼ਾ ਅੰਕੜਿਆਂ ਅਨੁਸਾਰ ਕਣਕ ਦੀ ਕੀਮਤ ਵਿਚ 7 ਫ਼ੀਸਦੀ ਦੀ ਗਿਰਾਵਟ ਆਈ ਹੈ। ਕਣਕ ਸਸਤੀ ਹੋ 26.92 ਰੁਪਏ ਪ੍ਰਤੀ ਕਿਲੋ 'ਤੇ ਆ ਗਈ। ਪ੍ਰਚੂਨ ਬਾਜ਼ਾਰ ਵਿਚ ਆਟਾ ਵੀ 31.14 ਰੁਪਏ ਤੋਂ ਹੇਠਾਂ 28.57 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਿਆ ਹੈ। ਚੌਲਾਂ ਦੀ ਕੀਮਤ ਵੀ ਘਟੀ ਹੈ। ਦੂਜੇ ਪਾਸੇ ਛੋਲੇ, ਮਾਂਹ ਦੀ ਦਾਲ, ਅਰਹਰ, ਮੂੰਗ ਅਤੇ ਮਸਰ ਦੀ ਦਾਲ ਸਸਤੀ ਹੋ ਹੈ। ਛੋਲਿਆਂ ਦੀ ਦਾਲ 72.26 ਰੁਪਏ ਪ੍ਰਤੀ ਕਿਲੋ 'ਤੇ ਆ ਗਈ, ਜੋ ਪੰਜ ਦਿਨ ਪਹਿਲਾਂ 73.51 ਰੁਪਏ ਪ੍ਰਤੀ ਕਿਲੋ 'ਤੇ ਸੀ। ਮਾਂਹ ਦੀ ਦਾਲ ਇਸ ਦੌਰਾਨ 105.46 ਰੁਪਏ ਤੋਂ ਘੱਟ ਕੇ 103 ਰੁਪਏ ਪ੍ਰਤੀ ਕਿਲੋ, ਅਰਹਰ 104.36 ਰੁਪਏ ਤੋਂ 103.32 ਰੁਪਏ ਪ੍ਰਤੀ ਕਿਲੋ, ਮੂੰਗ 104.2 ਤੋਂ 102.21 ਰੁਪਏ ਪ੍ਰਤੀ ਕਿਲੋ ਅਤੇ ਮਸਰ 77.6 ਤੋਂ ਘੱਟ ਕੇ 77.55 ਰੁਪਏ ਪ੍ਰਤੀ ਕਿਲੋ 'ਤੇ ਆ ਗਏ।

Sanjeev

This news is Content Editor Sanjeev