PNB ਘੋਟਾਲੇ ਦਾ ਕੀ ਹੋਵੇਗਾ ਅਸਰ, ਜਾਣੋ ਕਿਸ ਨੂੰ ਲੱਗੇਗਾ ਝਟਕਾ

02/16/2018 11:38:30 AM

ਮੁੰਬਈ— ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) 'ਚ 11 ਹਜ਼ਾਰ ਕਰੋੜ ਰੁਪਏ ਤੋਂ ਵਧ ਦੇ ਘੋਟਾਲੇ ਨੇ ਬੈਂਕਿੰਗ ਸੈਕਟਰ, ਸ਼ੇਅਰ ਮਾਰਕੀਟ ਦੇ ਨਾਲ-ਨਾਲ ਸਰਕਾਰ ਦੀ ਵੀ ਚਿੰਤਾ ਵਧਾ ਦਿੱਤੀ ਹੈ। ਭਾਵੇਂ ਹੀ ਸਰਕਾਰੀ ਏਜੰਸੀਆਂ ਨੀਰਵ ਮੋਦੀ ਦੇ ਟਿਕਾਣਿਆਂ 'ਤੇ ਛਾਪੇਮਾਰੀ ਕਰਕੇ ਵਸੂਲੀ ਦੀ ਗੱਲ ਕਹਿ ਰਹੀਆਂ ਹੋਣ ਪਰ ਸੱਚ ਤਾਂ ਇਹ ਹੈ ਕਿ ਇਸ ਘੋਟਾਲੇ ਦਾ ਅਸਰ ਕਿਸੇ ਨਾ ਕਿਸੇ ਤਰ੍ਹਾਂ ਆਮ ਲੋਕਾਂ 'ਤੇ ਵੀ ਪਵੇਗਾ।
ਖਾਸ ਕਰਕੇ ਇਸ ਘੋਟਾਲੇ ਦਾ ਸਭ ਤੋਂ ਵਧ ਅਸਰ ਨਿਵੇਸ਼ਕਾਂ 'ਤੇ ਪਵੇਗਾ। ਮਾਹਰਾਂ ਦੀ ਮੰਨੀਏ ਤਾਂ ਇਸ ਘੋਟਾਲੇ ਨਾਲ ਬੈਂਕ ਘਾਟੇ 'ਚ ਜਾਵੇਗਾ, ਜਿਸ ਦਾ ਅਸਰ ਬੈਂਕ ਦੇ ਬਾਜ਼ਾਰ ਪੂੰਜੀਕਰਨ 'ਤੇ ਪਵੇਗਾ। ਬਾਜ਼ਾਰ 'ਚ ਕੰਮਕਾਜ ਕਰਨ ਵਾਲਿਆਂ ਨੇ ਕਿਹਾ ਕਿ ਵੱਡੀ ਧੋਖਾਧੜੀ ਅਤੇ ਇਸ ਦੇ ਪ੍ਰਸਾਰ ਦੀ ਚਿੰਤਾ ਕਾਰਨ ਨਿਵੇਸ਼ਕ ਪੀ. ਐੱਨ. ਬੀ. ਦੇ ਸ਼ੇਅਰ ਵੇਚ ਰਹੇ ਹਨ। ਬੈਂਕ ਦੇ ਸਿਸਟਮ 'ਚ ਕਮੀ ਨੂੰ ਲੈ ਕੇ ਨਿਵੇਸ਼ਕ ਜ਼ਿਆਦਾ ਚਿੰਤਤ ਹਨ। ਇਸ ਦੇ ਮੱਦੇਨਜ਼ਰ ਦੋ ਦਿਨ 'ਚ ਬੈਂਕ ਦੇ ਸ਼ੇਅਰ 20 ਫੀਸਦੀ ਤਕ ਡਿੱਗ ਚੁੱਕੇ ਹਨ ਅਤੇ ਬਾਜ਼ਾਰ ਪੂੰਜੀਕਰਨ 8000 ਕਰੋੜ ਰੁਪਏ ਤਕ ਘੱਟ ਗਿਆ ਹੈ। ਪੀ. ਐੱਨ. ਬੀ. ਦੇ 43 ਫੀਸਦੀ ਸ਼ੇਅਰ ਪਬਲਿਕ ਕੋਲ ਹਨ।

ਸਰਕਾਰੀ ਬੈਂਕਾਂ ਦੇ ਕੰਮਕਾਜ 'ਤੇ ਪਵੇਗਾ ਅਸਰ
ਦੂਜਾ ਸਭ ਤੋਂ ਵੱਡਾ ਅਸਰ ਭਾਰਤੀ ਬੈਂਕਾਂ 'ਤੇ ਪਵੇਗਾ। ਪੀ. ਐੱਨ. ਬੀ. ਵੱਲੋਂ ਦਿੱਤੇ ਗਏ 'ਲੈਟਰ ਆਫ ਅੰਡਰਟੇਕਿੰਗ' (ਐੱਲ. ਓ. ਯੂ.) 'ਤੇ ਦੇਸ਼ ਦੇ ਕਈ ਬੈਂਕਾਂ ਨੇ ਨੀਰਵ ਮੋਦੀ ਨੂੰ ਓਵਰਸੀਜ਼ ਕਰਜ਼ਾ ਦਿੱਤਾ ਹੈ। ਐੱਲ. ਓ. ਯੂ. ਇਕ ਤਰ੍ਹਾਂ ਦੀ ਗਾਰੰਟੀ ਹੁੰਦੀ ਹੈ, ਜਿਸ ਦੇ ਆਧਾਰ 'ਤੇ ਦੂਜੇ ਬੈਂਕ ਖਾਤੇਦਾਰ ਨੂੰ ਪੈਸਾ ਮੁਹੱਈਆ ਕਰਾ ਦਿੰਦੇ ਹਨ। ਜੇਕਰ ਖਾਤੇਦਾਰ ਡਿਫਾਲਟ ਕਰ ਜਾਂਦਾ ਹੈ ਤਾਂ ਐੱਲ. ਓ. ਯੂ. ਮੁਹੱਈਆ ਕਰਾਉਣ ਵਾਲੇ ਬੈਂਕ ਦੀ ਇਹ ਜਿੰਮੇਵਾਰੀ ਹੁੰਦੀ ਹੈ ਕਿ ਉਹ ਸੰਬੰਧਤ ਬੈਂਕ ਨੂੰ ਬਕਾਏ ਦਾ ਭੁਗਤਾਨ ਕਰੇ। ਇਸ ਮਾਮਲੇ 'ਚ ਪੀ. ਐੱਨ. ਬੀ. ਮੁੰਬਈ ਦੀ ਬ੍ਰੈਡੀ ਹਾਊਸ ਬ੍ਰਾਂਚ ਦੇ ਸਟਾਫ ਨੇ ਜ਼ਰੂਰੀ ਦਸਤਾਵੇਜ਼ ਲਏ ਬਿਨਾਂ ਹੀ 'ਸਵਿਫਟ' ਸਿਸਟਮ ਜ਼ਰੀਏ ਨੀਰਵ ਮੋਦੀ ਨੂੰ ਐੱਲ. ਓ. ਯੂ. ਜਾਰੀ ਕੀਤੇ ਸਨ ਅਤੇ ਇਸ ਦੀ ਐਂਟਰੀ ਬੈਂਕ ਦੇ ਸੀ. ਬੀ. ਐੱਸ. ਸਿਸਟਮ 'ਚ ਵੀ ਨਹੀਂ ਕੀਤੀ ਗਈ। ਹੁਣ ਪੀ. ਐੱਨ. ਬੀ. ਦੀ ਗਾਰੰਟੀ 'ਤੇ ਜਿਨ੍ਹਾਂ ਬੈਂਕਾਂ ਨੇ ਨੀਰਵ ਮੋਦੀ ਨੂੰ ਪੈਸੇ ਮੁਹੱਈਆ ਕਰਾਏ ਸਨ, ਉਨ੍ਹਾਂ ਬੈਂਕਾਂ ਦੇ ਨੁਕਸਾਨ ਦੀ ਪੂਰਤੀ ਪੀ. ਐੱਨ. ਬੀ. ਨੂੰ ਹੀ ਕਰਨੀ ਪਵੇਗੀ। ਰਿਜ਼ਰਵ ਬੈਂਕ ਨੇ ਸਾਫ ਕਰ ਦਿੱਤਾ ਹੈ ਕਿ ਘੋਟਾਲੇ ਦਾ ਪੈਸਾ ਪੀ. ਐੱਨ. ਬੀ. ਨੂੰ ਭਰਨਾ ਹੋਵੇਗਾ। ਹੁਣ ਅਜਿਹੇ 'ਚ ਜੇਕਰ ਪੀ. ਐੱਨ. ਬੀ. ਸਾਰੀ ਰਕਮ ਭਰਦਾ ਹੈ ਤਾਂ ਬੈਂਕ ਦੀ ਹਾਲਤ ਖਰਾਬ ਹੋਵੇਗੀ ਅਤੇ ਦੇਰੀ ਨਾਲ ਦੂਜੇ ਬੈਂਕਾਂ ਨੂੰ ਭੁਗਤਾਨ ਕਰਨ ਨਾਲ ਦੂਜੇ ਬੈਂਕਾਂ ਦੇ ਕੰਮਕਾਜ 'ਤੇ ਅਸਰ ਪਵੇਗਾ। ਸਰਕਾਰੀ ਬੈਂਕ ਪਹਿਲਾਂ ਹੀ ਐੱਨ. ਪੀ. ਏ. ਦੀ ਸਮੱਸਿਆ ਨਾਲ ਜੂਝ ਰਹੇ ਹਨ।

ਪੀ. ਐੱਨ. ਬੀ. ਨੇ ਮੰਗੀ ਸਰਕਾਰ ਕੋਲੋਂ ਮਦਦ
ਪੀ. ਐੱਨ. ਬੀ. ਨੇ ਸੰਕਟ 'ਚੋਂ ਨਿਕਲਣ ਲਈ ਸਰਕਾਰ ਕੋਲੋਂ ਮਦਦ ਮੰਗੀ ਹੈ। ਬੈਂਕ ਕੋਲ ਇੰਨੀ ਰਕਮ ਨਹੀਂ ਹੈ ਕਿ ਉਹ ਬਾਕੀ ਬੈਂਕਾਂ ਦੀ ਨੁਕਸਾਨ ਪੂਰਤੀ ਕਰ ਸਕੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਪੀ. ਐੱਨ. ਬੀ. ਹੋਰਨਾਂ ਪ੍ਰਭਾਵਿਤ ਬੈਂਕਾਂ ਦੀ ਨੁਕਸਾਨ ਪੂਰਤੀ ਨਹੀਂ ਕਰਦਾ ਤਾਂ ਸਾਰੇ 30 ਬੈਂਕਾਂ ਨੂੰ ਵੱਡਾ ਨੁਕਸਾਨ ਹੋਵੇਗਾ। ਇਸ ਕਾਰਨ ਵਿੱਤੀ ਮਾਰਕੀਟ 'ਚ ਅਸੰਤੁਲਨ ਵਧਣ ਦਾ ਵੀ ਡਰ ਹੈ। ਪੀ. ਐੱਨ. ਬੀ. ਘੋਟਾਲਾ ਦੇਸ਼ ਦੇ ਬੈਂਕਿੰਗ ਇਤਿਹਾਸ ਦਾ ਹੁਣ ਤਕ ਦਾ ਸਭ ਤੋਂ ਵੱਡਾ ਘੋਟਾਲਾ ਹੈ।

ਪੀ. ਐੱਨ. ਬੀ. ਦੇ ਗਾਹਕਾਂ 'ਤੇ ਕੀ ਹੋਵੇਗਾ ਅਸਰ?
ਪੰਜਾਬ ਨੈਸ਼ਨਲ ਬੈਂਕ ਦੇ ਜਮ੍ਹਾ ਕਰਤਾ 10 ਕਰੋੜ ਤੋਂ ਜ਼ਿਆਦਾ ਹਨ। ਇਨ੍ਹਾਂ ਗਾਹਕਾਂ ਦੇ 6.36 ਲੱਖ ਕਰੋੜ ਰੁਪਏ ਪੀ. ਐੱਨ. ਬੀ. 'ਚ ਜਮ੍ਹਾ ਹਨ। ਬੈਂਕ 'ਚ ਪੈਸੇ ਜਮ੍ਹਾ ਕਰਨ ਵਾਲੇ ਲੋਕਾਂ 'ਤੇ ਘੋਟਾਲੇ ਦਾ ਅਸਰ ਨਹੀਂ ਹੋਵੇਗਾ, ਉਨ੍ਹਾਂ ਦੇ ਪੈਸੇ ਸੁਰੱਖਿਅਤ ਹਨ ਕਿਉਂਕਿ ਬੈਂਕ ਸਰਕਾਰੀ ਹੈ। ਇਸ ਲਈ ਪੈਸੇ ਦੀ ਗਾਰੰਟੀ ਸਰਕਾਰ ਦੀ ਬਣਦੀ ਹੈ।