PNB ਘਪਲਾ : ਭਗੌੜੇ ਮੇਹੁਲ ਚੌਕਸੀ ਨੇ ਛੱਡੀ ਭਾਰਤੀ ਨਾਗਰਿਕਤਾ

01/21/2019 10:25:05 AM

ਨਵੀਂ ਦਿੱਲੀ — ਪੰਜਾਬ ਨੈਸ਼ਨਲ ਬੈਂਕ ਨਾਲ ਕਰੋੜਾਂ ਦਾ ਘਪਲਾ ਕਰਕੇ  ਐਂਟੀਗੁਆ ਦੀ ਨਾਗਕਿਤਾ ਲੈ ਕੇ ਉਥੇ ਜਾ ਕੇ ਵਸਣ ਵਾਲੇ ਮੇਹੁਲ ਚੌਕਸੀ ਨੂੰ ਹੁਣ ਭਾਰਤ ਲਿਆਉਣਾ ਮੁਸ਼ਕਿਲ ਹੋ ਸਕਦਾ ਹੈ। ਦੇਸ਼ ਦੇ ਸਭ ਤੋਂ ਵੱਡੇ ਬੈਂਕ ਘਪਲਿਆਂ 'ਚੋਂ ਇਕ ਦੇ ਮੁੱਖ ਦੋਸ਼ੀ ਮੇਹੁਲ ਚੌਕਸੀ ਨੇ ਭਾਰਤ ਦੀ ਨਾਗਰਿਕਤਾ ਛੱਡ ਦਿੱਤੀ ਹੈ। ਇਕ ਰਿਪੋਰਟ ਅਨੁਸਾਰ ਉਸਨੇ ਆਪਣਾ ਭਾਰਤੀ ਪਾਸਪੋਰਟ ਐਂਟੀਗੁਆ ਉੱਚ ਕਮਿਸ਼ਨ 'ਚ ਜਮ੍ਹਾਂ ਕਰਵਾ ਦਿੱਤਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਮੇਹੁਲ ਨੂੰ ਹੁਣ ਭਾਰਤ ਲਿਆਉਣਾ ਕੇਂਦਰ ਸਰਕਾਰ ਲਈ ਮੁਸ਼ਕਿਲ ਹੋ ਜਾਵੇਗਾ।

ਚੌਕਸੀ ਨੇ ਆਪਣੇ ਪਾਸਪੋਰਟ ਨੰਬਰ ਜੈੱਡ-3396732 ਨੂੰ ਕੈਂਸਲਡ ਬੁੱਕ ਨਾਲ ਜਮ੍ਹਾਂ ਕਰਵਾ ਦਿੱਤਾ ਹੈ। ਨਾਗਰਿਕਤਾ ਛੱਡਣ ਲਈ ਚੌਕਸੀ ਨੂੰ 177 ਅਮਰੀਕੀ ਡਾਲਰ ਦਾ ਡਰਾਫਟ ਵੀ ਜਮ੍ਹਾ ਕਰਵਾਉਣਾ ਪਿਆ ਹੈ। ਇਸ ਬਾਰੇ ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਅਮਿਤ ਨਾਰੰਗ ਨੇ ਗ੍ਰਹਿ ਮੰਤਰਾਲੇ ਨੂੰ ਸੂਚਨਾ ਦੇ ਦਿੱਤੀ ਹੈ। ਨਾਗਰਿਕਤਾ ਛੱਡਣ ਵਾਲੇ ਫਾਰਮ ਵਿਚ ਚੌਕਸੀ ਨੇ ਆਪਣਾ ਨਵਾਂ ਪਤਾ ਜੌਲੀ ਹਾਰਬਰ ਸੇਂਟ ਮਾਰਕਸ ਐਂਟੀਗੁਆ ਦੱਸਿਆ ਹੈ।

ਇਸ ਲਈ ਛੱਡੀ ਭਾਰਤ ਦੀ ਨਾਗਰਿਕਤਾ

ਮੇਹੁਲ ਚੌਕਸੀ ਨੇ ਹਾਈ ਕਮਿਸ਼ਨ ਨੂੰ ਕਿਹਾ ਹੈ ਕਿ ਉਸਨੇ ਜ਼ਰੂਰੀ ਨਿਯਮਾਂ ਦੇ ਤਹਿਤ ਐਂਟੀਗੁਆ ਦੀ ਨਾਗਰਿਕਤਾ ਲਈ ਹੈ ਅਤੇ ਭਾਰਤ ਦੀ ਨਾਗਰਿਕਤਾ ਛੱਡ ਦਿੱਤੀ ਹੈ। ਦਰਅਸਲ ਚੌਕਸੀ ਵਲੋਂ ਭਾਰਤੀ ਨਾਗਰਿਕਤਾ ਛੱਡਣ ਪਿੱਛੇ ਮਕਸਦ ਸਪੁਰਦਗੀ ਦੀ ਕਾਰਵਾਈ ਤੋਂ ਬਚਣਾ ਹੈ। ਇਸ ਮਾਮਲੇ ਵਿਚ 22 ਫਰਵਰੀ ਨੂੰ ਸੁਣਵਾਈ ਹੋਵੇਗੀ। ਪ੍ਰਧਾਨ ਮੰਤਰੀ ਦਫਤਰ ਨੇ ਚੌਕਸੀ ਵਲੋਂ ਨਾਗਰਿਕਤਾ ਛੱਡਣ ਦੇ ਮਾਮਲੇ ਵਿਚ ਵਿਦੇਸ਼ ਮੰਤਰਾਲੇ ਅਤੇ ਜਾਂਚ ਏਜੰਸੀਆਂ ਕੋਲੋਂ ਜਾਰੀ ਕਾਰਵਾਈ ਦੀ ਰਿਪੋਰਟ ਮੰਗੀ ਹੈ। 

ਇਹ ਹੈ ਮਾਮਲਾ

ਜ਼ਿਕਰਯੋਗ ਹੈ ਕਿ ਸਾਲ 2017 'ਚ ਚੌਕਸੀ ਨੇ ਐਂਟੀਗੁਆ ਦੀ ਨਾਗਰਿਕਤਾ ਲਈ ਸੀ। ਉਸ ਸਮੇਂ ਭਾਰਤ ਨੇ ਇਸ 'ਤੇ ਕੋਈ ਇਤਰਾਜ਼ ਨਹੀਂ ਕੀਤਾ ਸੀ ਅਤੇ ਮੁੰੰਬਈ ਪੁਲਸ ਦੀ ਹਰੀ ਝੰਡੀ ਤੋਂ ਬਾਅਦ ਉਸਨੂੰ ਉਥੋਂ ਦੀ ਨਾਗਰਿਕਤਾ ਮਿਲ ਗਈ ਸੀ।
ਪੰਜਾਬ ਨੈਸ਼ਨਲ ਬੈਂਕ ਘਪਲੇ ਦਾ ਖੁਲਾਸਾ ਹੋਣ ਤੋਂ ਪਹਿਲਾਂ ਹੀ ਮੇਹੁਲ ਚੌਕਸੀ ਅਤੇ ਉਸਦਾ ਭਾਂਜਾ ਨੀਰਵ ਮੋਦੀ ਦੇਸ਼ ਛੱਡ ਕੇ ਭੱਜ ਗਏ ਸਨ। ਇਸ ਘਪਲੇ ਦੀ ਜਾਂਚ ਇਨਫੋਰਸਮੈਂਟ ਡਾਇਰੈਕਟੋਰੇਟ(ਈ.ਡੀ.) ਅਤੇ ਸੀ.ਬੀ.ਆਈ ਕਰ ਰਹੇ ਹਨ। ਹੁਣ ਤੱਕ ਦੋਹਾਂ ਦੀ ਚਾਰ ਹਜ਼ਾਰ ਕਰੋੜ ਦੀ ਜਾਇਦਾਦ ਜ਼ਬਤ ਕੀਤੀ ਜਾ ਚੁੱਕੀ ਹੈ। ਦੋਹਾਂ ਦੇ ਖਿਲਾਫ ਆਰਥਿਕ ਭਗੌੜਾ ਐਕਟ ਦੇ ਤਹਿਤ ਕਾਰਵਾਈ ਚਲ ਰਹੀ ਹੈ।
ਇਸ ਤੋਂ ਪਹਿਲਾਂ ਚੌਕਸੀ ਨੇ ਈ.ਡੀ. ਦੀ ਪਟੀਸ਼ਨ ਨੂੰ ਰੱਦ ਕਰਨ ਲਈ 34 ਸਫ਼ਿਆਂ ਦਾ ਜਵਾਬ ਭੇਜਿਆ ਸੀ। ਜਿਸ ਵਿਚ ਉਸ ਨੇ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਉਸਨੇ ਭਾਰਤ ਆਉਣ ਲਈ 41 ਘੰਟੇ ਲੰਮੀ ਯਾਤਰਾ ਕਰਨਾ ਸੰਭਵ ਨਹੀਂ। ਇਸ ਤੋਂ ਇਲਾਵਾ ਉਸਨੇ ਕਿਹਾ ਸੀ ਕਿ ਟ੍ਰਾਇਲ ਸ਼ੁਰੂ ਹੋਣ 'ਚ ਕਈ ਸਾਲ ਦਾ ਸਮਾਂ ਲੱਗ ਸਕਦਾ ਹੈ।