1,779 ਕਰੋੜ ਰੁਪਏ ਦੀ ਵਸੂਲੀ ਲਈ 24 ਐੱਨ. ਪੀ. ਏ. ਖਾਤੇ ਵੇਚੇਗਾ ਪੀ. ਐੱਨ. ਬੀ.

12/09/2018 7:35:41 PM

ਨਵੀਂ ਦਿੱਲੀ - ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨੇ 1,779 ਕਰੋੜ ਰੁਪਏ ਦੇ ਫਸੇ ਕਰਜੇ ਦੀ ਵਸੂਲੀ ਲਈ ਕਰੀਬ 2 ਦਰਜਨ ਐੱਨ. ਪੀ. ਏ. (ਨਾਨ-ਪ੍ਰਫਾਰਮਿੰਗ ਏਸੈੱਟਸ) ਖਾਤਿਆਂ ਨੂੰ ਵਿਕਰੀ ਲਈ ਰੱਖਿਆ ਹੈ। ਵਿਕਰੀ ਨੋਟਿਸ ਅਨੁਸਾਰ, ਇਸ 24 ਐੱਨ. ਪੀ. ਏ. ਖਾਤਿਆਂ ਵਿਚੋਂ ਜਿਆਦਾਤਰ ਵੱਡੇ ਖਾਤੇ ਬੈਂਕ ਦੇ ਮੁੰਬਈ, ਦਿੱਲੀ ਅਤੇ ਕੋਲਕਾਤਾ ਰਿਜ਼ਨ ਵਿਚ ਹਨ। 2 ਖਾਤੇ ਚੰਡੀਗੜ੍ਹ ਅਤੇ ਭੋਪਾਲ ਰਿਜ਼ਨ, ਜਦੋਂ ਕਿ ਇਕ ਖਾਤਾ ਪਟਨਾ ਰਿਜ਼ਨ ਦਾ ਹੈ।

ਪੀ. ਐੱਨ. ਬੀ. ਨੇ ਕਿਹਾ ਕਿ ਅਸੀਂ ਇਨ੍ਹਾਂ ਐੱਨ. ਪੀ. ਏ. ਖਾਤਿਆਂ ਨੂੰ ਜਾਇਦਾਦ ਮੁੜਗਠਨ ਕੰਪਨੀਆਂ (ਏ. ਆਰ. ਸੀ.), ਬੈਂਕਾਂ, ਗੈਰ-ਬੈਂਕਿਗ ਵਿੱਤੀ ਕੰਪਨੀਆਂ, ਵਿੱਤੀ ਸੰਸਥਾਨਾਂ ਨੂੰ ਵੇਚਣਾ ਚਾਹੁੰਦੇ ਹਾਂ। ਇਹ ਰੈਗੂਲੇਟਰੀ ਦਿਸ਼ਾ-ਨਿਰਦੇਸ਼ਾਂ ਅਤੇ ਬੈਂਕ ਦੀ ਨੀਤੀ ਵਿਚ ਦਰਸਾਏ ਨਿਯਮਾਂ ਅਤੇ ਸ਼ਰਤਾਂ ਦੇ ਬਰਾਬਰ ਹੈ। ਬੈਂਕ ਨੇ ਕਿਹਾ ਕਿ ਸਿਰਫ ਈ-ਨਿਲਾਮੀ ਦੇ ਮਾਧਿਅਮ ਨਾਲ ਹੀ ਬੋਲੀ ਜਮ੍ਹਾ ਕੀਤੀਆਂ ਜਾ ਸਕਣਗੀਆਂ।

ਇਨ੍ਹਾਂ ਖਾਤਿਆਂ ਲਈ ਬੋਲੀ ਜਮ੍ਹਾ ਕਰਨ ਦੀ ਅੰਤਿਮ ਤਾਰੀਕ 10 ਦਸੰਬਰ ਹੈ। ਈ-ਨਿਲਾਮੀ ਦੀ ਪ੍ਰਕਿਰਿਆ 21 ਦਸੰਬਰ ਨੂੰ ਹੋਵੇਗੀ। ਬੈਂਕ ਇਨ੍ਹਾਂ 24 ਐੱਨ. ਪੀ. ਏ. ਖਾਤਿਆਂ ਤੋਂ 1,779.18 ਕਰੋੜ ਰੁਪਏ ਦੇ ਫਸੇ ਕਰਜੇ ਦੀ ਵਸੂਲੀ ਕਰੇਗਾ। ਵੱਡੇ ਕਰਜਦਾਰਾਂ ਵਿਚ ਵੰਦਨਾ ਵਿਧੁਤ (454.02 ਕਰੋੜ ਰੁਪਏ), ਮੋਜ਼ਰ ਬੇਏਰ ਸੋਲਰ (233.06 ਕਰੋੜ ਰੁਪਏ), ਡਿਵਾਈਨ ਵਿਧੁਤ (132.66 ਕਰੋੜ ਰੁਪਏ), ਵੀਜ਼ਾ ਰਿਸੋਰਸਿਜ਼ ਇੰਡੀਆ ਲਿਮਟਿਡ (115.20 ਕਰੋੜ ਰੁਪਏ), ਅਲਾਇਡ ਸਟ੍ਰਿਪਸ (118.81 ਕਰੋੜ), ਅਰਸ਼ਿਆ ਨਾਰਦਰਨ ਐੱਫ. ਟੀ. ਡਬਲਯੂ. ਜੈੱਡ. ਲਿਮਟਿਡ (96.70 ਕਰੋੜ), ਬਿਰਲਾ ਸੂਰਿਯਾ (73.58 ਕਰੋੜ) ਅਤੇ ਟਰਾਈਡੈਂਟ ਟੂਲਸ (68.81 ਕਰੋੜ) ਸ਼ਾਮਲ ਹਨ।