PNB, ਓ. ਬੀ. ਸੀ., UBI ''ਚ ਹੈ ਖਾਤਾ, ਤਾਂ ਬਦਲ ਜਾਵੇਗਾ ਇਹ ਸਭ

09/15/2019 2:14:37 PM

ਨਵੀਂ ਦਿੱਲੀ—  ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.), ਓਰੀਐਂਟਲ ਬੈਂਕ ਆਫ ਕਾਮਰਸ (ਓ. ਬੀ. ਸੀ.) ਤੇ ਯੂਨਾਈਟਡ ਬੈਂਕ ਆਫ ਇੰਡੀਆ (ਯੂ. ਬੀ. ਆਈ.) ਅਗਲੇ ਸਾਲ ਪਹਿਲੀ ਅਪ੍ਰੈਲ ਤੋਂ ਇਕ ਹੋ ਜਾਣਗੇ ਤੇ ਨਵੇਂ ਬਣਨ ਵਾਲੇ ਬੈਂਕ ਦਾ ਨਾਮ ਵੀ ਬਦਲ ਸਕਦਾ ਹੈ। ਇਹ ਨਵਾਂ ਬਣਨ ਵਾਲਾ ਬੈਂਕ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਮਗਰੋਂ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸਰਕਾਰੀ ਬੈਂਕ ਹੋਵੇਗਾ।

 

ਉੱਥੇ ਹੀ, ਬੈਂਕਾਂ ਦਾ ਕਹਿਣਾ ਹੈ ਕਿ ਇਸ ਨਾਲ ਕਿਸੇ ਵੀ ਕਰਮਚਾਰੀ ਦੀ ਨੌਕਰੀ ਨਹੀਂ ਜਾਵੇਗੀ। ਬੈਂਕਾਂ ਨੇ ਸਵੈ-ਇਛੁੱਕ ਸੇਵਾਮੁਕਤੀ (ਵੀ. ਆਰ. ਐੱਸ.) ਯੋਜਨਾ ਸ਼ੁਰੂ ਕਰਨ ਦੀ ਸੰਭਾਵਨਾ ਤੋਂ ਵੀ ਇਨਕਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 10 ਸਰਕਾਰੀ ਬੈਂਕਾਂ ਦਾ ਰਲੇਵਾਂ ਕਰਕੇ ਚਾਰ ਵੱਡੇ ਸਰਕਾਰੀ ਬੈਂਕ ਬਣਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਸਰਕਾਰ ਨੇ ਭਾਰਤੀ ਸਟੇਟ ਬੈਂਕ 'ਚ ਉਸ ਦੇ ਪੰਜ ਸਹਿਯੋਗੀ ਬੈਂਕਾਂ ਦਾ ਰਲੇਵਾਂ ਕੀਤਾ ਸੀ, ਜੋ ਕਾਫੀ ਸਫਲ ਰਿਹਾ। ਉੱਥੇ ਹੀ, ਕੇਨਰਾ ਤੇ ਸਿੰਡੀਕੇਟ ਬੈਂਕ ਇਕ ਹੋਣਗੇ। ਯੂਨੀਅਨ ਬੈਂਕ 'ਚ ਕਾਰਪੋਰੇਸ਼ਨ ਬੈਂਕ ਅਤੇ ਆਂਧਰਾ ਬੈਂਕ ਨੂੰ ਮਿਲਾ ਦਿੱਤਾ ਜਾਵੇਗਾ, ਜੋ 5ਵਾਂ ਵੱਡਾ ਸਰਕਾਰੀ ਬੈਂਕ ਹੋਵੇਗਾ। ਇਸ ਤੋਂ ਇਲਾਵਾ ਇੰਡੀਅਨ ਬੈਂਕ 'ਚ ਇਲਾਹਾਬਾਦ ਬੈਂਕ ਦਾ ਰਲੇਵਾਂ ਹੋਵੇਗਾ।

 


ਸਰਕਾਰੀ ਬੈਂਕਾਂ 'ਚ ਹੋਣ ਜਾ ਰਹੇ ਇਸ ਬਦਲਾਵ ਮਗਰੋਂ ਗਾਹਕਾਂ ਨੂੰ ਕਈ ਕੰਮ ਕਰਨੇ ਪੈ ਸਕਦੇ ਹਨ ਪਰ ਖਾਤੇ 'ਚ ਜਮ੍ਹਾਂ ਰਕਮ ਜਾਂ ਖਾਤੇ ਨੂੰ ਲੈ ਕੇ ਤੁਹਾਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਣ ਜਾ ਰਹੀ। ਬੈਂਕਾਂ ਦੀ ਬਰਾਂਚ ਅਤੇ ਏ. ਟੀ. ਐੱਮ. ਦੇ ਵੱਡੇ ਨੈੱਟਵਰਕ ਦਾ ਫਾਇਦਾ ਗਾਹਕਾਂ ਨੂੰ ਮਿਲੇਗਾ।

ਕੀ-ਕੀ ਸਕਦਾ ਹੈ ਬਦਲ-

  • ਬੈਂਕ ਆਸਪਾਸ ਬਰਾਂਚਾਂ ਨੂੰ ਜੋੜਦੇ ਹਨ ਜਾਂ ਇਕ ਕਰਦੇ ਹਨ ਤਾਂ ਲਾਕਰ ਨਵੀਂ ਬਰਾਂਚ 'ਚ ਸ਼ਿਫਟ ਹੋ ਸਕਦਾ ਹੈ।
  • ਬੈਂਕ ਇਕ ਹੋਣ ਤੋਂ ਬਾਅਦ ਇਕ ਹੀ ਵਿਆਜ ਦਰ ਹੋਵੇਗੀ ਜਿਸ ਦਾ ਫਾਇਦਾ ਜਾਂ ਨੁਕਸਾਨ ਗਾਹਕਾਂ ਨੂੰ ਹੋਵੇਗਾ।
  • 'ਆਈ. ਐੱਫ. ਐੱਸ. ਸੀ.' ਕੋਡ 'ਚ ਬਦਲਾਵ ਹੋ ਸਕਦਾ ਹੈ।
  • ਸਟੇਟਮੈਂਟ ਕਾਗਜ਼ ਲੰਮੇ ਸਮੇਂ ਲਈ ਰੱਖਣੇ ਪੈ ਸਕਦੇ ਹਨ ਕਿਉਂਕਿ ਪੁਰਾਣੀ ਸਟੇਟਮੈਂਟ ਮਿਲਣਾ ਸੌਖਾ ਨਹੀਂ ਹੋਵੇਗਾ।
  • ਡੈਬਿਟ, ਕ੍ਰੈਡਿਟ ਕਾਰਡ ਨਵਾਂ ਬਣ ਸਕਦਾ ਹੈ।
  • ਚੈੱਕ ਬੁੱਕ ਵੀ ਨਵੀਂ ਮਿਲ ਸਕਦੀ ਹੈ ਕਿਉਂਕਿ ਇਕ ਹੋਣ ਵਾਲੇ ਬੈਂਕਾਂ ਦੇ ਚੈੱਕ ਕੁਝ ਸਮੇਂ ਲਈ ਹੀ ਚੱਲ ਸਕਣਗੇ।
  • ਜਿਨ੍ਹਾਂ ਬੈਂਕਾਂ ਨੂੰ ਮਿਲਾਇਆ ਜਾ ਰਿਹਾ ਹੈ ਉਨ੍ਹਾਂ ਦੇ ਏ. ਟੀ. ਐੱਮ. 'ਚੋਂ ਪੈਸੇ ਕਢਵਾਉਣ 'ਤੇ ਚਾਰਜ ਨਹੀਂ ਲੱਗੇਗਾ।