59 ਮਿੰਟ ''ਚ ਲੋਨ ਨੂੰ ਹਰੀ ਝੰਡੀ, PNB ਨੇ 1600 ਨੂੰ ਦਿੱਤੇ 689 ਕਰੋੜ

03/10/2019 3:50:02 PM

ਨਵੀਂ ਦਿੱਲੀ—  ਸਰਕਾਰੀ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨੇ '59 ਮਿੰਟ' ਪੋਰਟਲ ਜ਼ਰੀਏ 1600 ਛੋਟੇ ਉਦਯੋਗਾਂ ਦਾ 689 ਕਰੋੜ ਰੁਪਏ ਦਾ ਕਰਜ਼ਾ ਮਨਜ਼ੂਰ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੰਬਰ 2018 'ਚ ਛੋਟੇ ਉਦਯੋਗਾਂ ਦੀ ਮਦਦ ਲਈ 59 ਮਿੰਟ 'ਚ ਲੋਨ ਮਨਜ਼ੂਰ ਕਰਨ ਦੀ ਸਕੀਮ ਲਾਂਚ ਕੀਤੀ ਸੀ। ਮੁਦਰਾ ਯੋਜਨਾ ਤਹਿਤ ਬੈਂਕ ਨੇ ਇਸ ਵਿੱਤੀ ਸਾਲ 'ਚ 14 ਫਰਵਰੀ ਤਕ 2.69 ਲੱਖ ਤੋਂ ਵੱਧ ਛੋਟੇ ਉੱਦਮੀਆਂ ਨੂੰ ਕਰਜ਼ ਦੀ ਪੇਸ਼ਕਸ਼ ਕੀਤੀ ਹੈ।

ਬੈਂਕ ਦੇ ਪ੍ਰਬੰਧਕ ਨਿਰਦੇਸ਼ਕ ਸੁਨੀਲ ਮਹਿਤਾ ਨੇ ਕਿਹਾ, ''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐੱਮ. ਐੱਸ. ਐੱਮ. ਈ. ਨੂੰ ਕਰਜ਼ਾ ਦੇਣਾ ਆਸਾਨ ਬਣਾਉਣ ਲਈ ਨਵੰਬਰ 2018 'ਚ 59 ਮਿੰਟ 'ਚ ਲੋਨ ਦੇ ਪੋਰਟਲ ਦੀ ਸ਼ੁਰੂਆਤ ਕੀਤੀ ਸੀ। ਇਸ ਮੁਹਿੰਮ ਤਹਿਤ ਬੈਂਕ ਨੇ ਫਰਵਰੀ ਅੰਤ ਤਕ 1,600 ਦਾ 689 ਕਰੋੜ ਰੁਪਏ ਦਾ ਕਰਜ਼ ਮਨਜ਼ੂਰ ਕੀਤਾ ਹੈ।'' ਛੋਟੇ ਉਦਯੋਗ ਇਸ ਪੋਰਟਲ ਰਾਹੀਂ ਇਕ ਘੰਟੇ ਅੰਦਰ ਇਕ ਕਰੋੜ ਰੁਪਏ ਤਕ ਦਾ ਕਰਜ਼ਾ ਲੈ ਸਕਦੇ ਹਨ। ਉਨ੍ਹਾਂ ਨੂੰ ਜੀ. ਐੱਸ. ਟੀ. ਰਜਿਸਟਰੇਸ਼ਨ ਦੇ ਨਾਲ ਪੋਰਟਲ 'ਤੇ ਕਰਜ਼ ਲਈ ਅਪਲਾਈ ਕਰਨਾ ਹੁੰਦਾ ਹੈ।

 

ਕੀ ਹੈ 59 ਮਿੰਟ ਪੋਰਟਲ ਸਕੀਮ-
ਸਰਕਾਰ ਦੀ ਇਸ ਸਕੀਮ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਲੋਨ ਲੈਣ ਲਈ ਬੈਂਕਾਂ ਦੇ ਚੱਕਰ ਲਾਉਣ ਦੀ ਜ਼ਰੂਰਤ ਨਹੀਂ ਹੈ। ਇਹ ਸਾਰਾ ਪ੍ਰੋਸੈੱਸ ਆਨਲਾਈਨ ਹੀ ਹੈ। ਇਸ ਸਕੀਮ ਨਾਲ 21 ਸਰਕਾਰੀ ਬੈਂਕ ਜੁੜੇ ਹਨ। ਭਾਰਤੀ ਸਟੇਟ ਬੈਂਕ, ਪੀ. ਐੱਨ. ਬੀ. ਅਤੇ ਬੈਂਕ ਆਫ ਬੜੌਦਾ ਵਰਗੇ ਵੱਡੇ ਬੈਂਕਾਂ ਤੋਂ ਲੈ ਕੇ ਓਰੀਐਂਟਲ ਬੈਂਕ ਆਫ ਕਾਮਰਸ, ਕਾਰਪੋਰੇਸ਼ਨ ਬੈਂਕ, ਇੰਡੀਅਨ ਬੈਂਕ, ਇਲਾਹਾਬਾਦ ਬੈਂਕ, ਵਿਜਯਾ ਬੈਂਕ, ਸਿਡਬੀ, ਆਂਧਰਾ ਪ੍ਰਦੇਸ਼ ਬੈਂਕ, ਬੈਂਕ ਆਫ ਇੰਡੀਆ, ਯੂਨਾਈਟਿਡ ਬੈਂਕ ਆਫ ਇੰਡੀਆ ਆਦਿ ਇਸ 'ਚ ਸ਼ਾਮਲ ਹਨ। ਸਰਕਾਰ ਦੇ ਪੋਰਟਲ 'ਤੇ ਤੁਸੀਂ 59 ਮਿੰਟ 'ਚ 1 ਲੱਖ ਰੁਪਏ ਤੋਂ ਲੈ ਕੇ 1 ਕਰੋੜ ਰੁਪਏ ਤਕ ਦਾ ਬਿਜ਼ਨੈੱਸ ਲੋਨ ਲੈ ਸਕਦੇ ਹੋ। ਇਹ ਲੋਨ ਲੈਣ ਲਈ ਜੀ. ਐੱਸ. ਟੀ. ਰਿਟਰਨ/ਇਨਕਮ ਟੈਕਸ ਰਿਟਰਨ/ਬੈਂਕਿੰਗ ਡਿਟੇਲ ਦੇਣਾ ਜ਼ਰੂਰੀ ਹੈ।

 

ਲੋਨ ਦਾ ਪ੍ਰੋਸੈੱਸ ਸ਼ੁਰੂ ਕਰਨ ਲਈ ਤੁਹਾਨੂੰ ਪਹਿਲਾਂ ਨਾਮ, ਈ-ਮੇਲ ਅਤੇ ਮੋਬਾਇਲ ਨੰਬਰ ਦੇਣਾ ਹੋਵੇਗਾ। ਆਓ ਜਾਣਦੇ ਹਾਂ ਇਹ ਪ੍ਰੋਸੈੱਸ ਕਿਵੇਂ ਸ਼ੁਰੂ ਹੋਵੇਗਾ :—

  • - ਤੁਹਾਨੂੰ ਸਭ ਤੋਂ ਪਹਿਲਾਂ https://www.psbloansin59minutes.com/home 'ਤੇ ਕਲਿੱਕ ਕਰਨਾ ਹੋਵੇਗਾ।
  • - ਇੱਥੇ 'ਅਪਲਾਈ ਨਾਓ' 'ਤੇ ਕਲਿੱਕ ਕਰਨਾ ਹੋਵੇਗਾ।
  • - ਇਸ ਦੇ ਬਾਅਦ ਆਪਣਾ ਨਾਮ, ਮੋਬਾਇਲ ਨੰਬਰ ਅਤੇ ਈ-ਮੇਲ ਆਈ. ਡੀ. ਭਰਨੀ ਹੋਵੇਗੀ।
  • - ਮੋਬਾਇਲ ਨੰਬਰ 'ਤੇ ਵਨ ਟਾਈਮ ਪਾਸਵਰਡ (ਓ. ਟੀ. ਪੀ.) ਆਵੇਗਾ, ਜਿਸ ਨੂੰ ਸਬਮਿਟ ਕਰਦੇ ਹੀ ਲੋਨ ਦਾ ਪ੍ਰੋਸੈੱਸ ਸ਼ੁਰੂ ਹੋ ਜਾਵੇਗਾ।
  • - ਹੁਣ ਤੁਹਾਨੂੰ ਇੱਥੇ ਆਪਣਾ ਜੀ. ਐੱਸ. ਟੀ. ਨੰਬਰ ਅਤੇ ਇਨਕਮ ਟੈਕਸ ਰਿਟਰਨ ਨੂੰ ਦਾਖਲ ਕਰਨਾ ਹੋਵੇਗਾ।
  • - ਇਸ ਦੇ ਇਲਾਵਾ 6 ਮਹੀਨਿਆਂ ਦੀ ਬੈਂਕ ਸਟੇਟਮੈਂਟ ਵੀ ਪੀ. ਡੀ. ਐੱਫ. ਫਾਰਮਟ 'ਚ ਅਪਲੋਡ ਕਰਨੀ ਹੋਵੇਗੀ।
  • - ਜੋ ਲੋਕ ਕੰਪਨੀ ਦੇ ਮਾਲਕ ਜਾਂ ਫਿਰ ਨਿਰਦੇਸ਼ਕ ਹੋਣਗੇ ਉਨ੍ਹਾਂ ਨੂੰ ਆਪਣੀ ਬੇਸਿਕ, ਨਿੱਜੀ ਅਤੇ ਸਿੱਖਿਆ ਦੀ ਜਾਣਕਾਰੀ ਵੀ ਦੇਣੀ ਹੋਵੇਗੀ।
  • - ਸਾਰੀ ਜਾਣਕਾਰੀ ਅਪਲੋਡ ਹੋਣ ਦੇ ਬਾਅਦ 59 ਮਿੰਟ 'ਚ ਲੋਨ ਮਨਜ਼ੂਰ ਹੋ ਜਾਵੇਗਾ।
  • - ਇਸ ਦੇ ਬਾਅਦ ਸੰਬੰਧਤ ਬੈਂਕ ਤੋਂ ਲੋਨ ਦੀ ਰਾਸ਼ੀ ਤੁਹਾਡੇ ਬੈਂਕ ਖਾਤੇ 'ਚ ਟਰਾਂਸਫਰ ਹੋ ਜਾਵੇਗੀ।