15 ਤੋਂ ਲਾਗੂ ਹੋਵੇਗੀ ਮੋਦੀ ਦੀ ਪੈਨਸ਼ਨ ਸਕੀਮ, ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗਾ ਫਾਇਦਾ

02/09/2019 4:27:22 PM

ਨਵੀਂ ਦਿੱਲੀ— ਸਰਕਾਰ ਨੇ ਦਿਹਾੜੀਦਾਰਾਂ ਲਈ ਪੈਨਸ਼ਨ ਸਕੀਮ ਦੇ ਨਿਯਮਾਂ ਅਤੇ ਯੋਗਤਾ ਦੇ ਮਾਪਦੰਡਾਂ ਨੂੰ ਸੂਚਤ ਕਰ ਦਿੱਤਾ ਹੈ। ਇਹ ਸਕੀਮ 15 ਫਰਵਰੀ 2019 ਤੋਂ ਲਾਗੂ ਹੋਵੇਗੀ। ਹਾਲਾਂਕਿ ਉਨ੍ਹਾਂ ਲੋਕਾਂ ਨੂੰ ਇਸ ਯੋਜਨਾ ਦਾ ਫਾਇਦਾ ਨਹੀਂ ਮਿਲੇਗਾ, ਜਿਨ੍ਹਾਂ ਦੀ ਉਮਰ 40 ਸਾਲ ਤੋਂ ਵਧ ਹੈ ਜਾਂ ਜਿਨ੍ਹਾਂ ਨੂੰ ਸਰਕਾਰ ਵੱਲੋਂ ਪਹਿਲਾਂ ਹੀ ਪੈਨਸ਼ਨ ਮਿਲ ਰਹੀ ਹੈ। ਇਸ ਦੇ ਇਲਾਵਾ ਲਾਭਪਾਤਰ ਦੀ ਮੌਤ ਮਗਰੋਂ ਉਸ ਦੇ ਪਰਿਵਾਰ 'ਚ ਸਿਰਫ ਪਤੀ ਜਾਂ ਪਤਨੀ ਨੂੰ ਹੀ ਪੈਨਸ਼ਨ ਦਿੱਤੀ ਜਾਵੇਗੀ।

ਵਿੱਤ ਮੰਤਰੀ ਪਿਊਸ਼ ਗੋਇਲ ਨੇ ਅੰਤਰਿਮ ਬਜਟ 2019 'ਚ 'ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨ ਧਨ' ਯੋਜਨਾ ਦੀ ਘੋਸ਼ਣਾ ਕੀਤੀ ਸੀ। 10 ਕਰੋੜ ਤੋਂ ਵੱਧ ਲੋਕਾਂ ਨੂੰ ਇਸ ਯੋਜਨਾ ਦਾ ਫਾਇਦਾ ਮਿਲੇਗਾ। 18 ਤੋਂ 40 ਸਾਲ ਤਕ ਦਾ ਕੋਈ ਵੀ ਦਿਹਾੜੀਦਾਰ ਇਸ ਪੈਨਸ਼ਨ ਯੋਜਨਾ ਦਾ ਫਾਇਦਾ ਲੈ ਸਕਦਾ ਹੈ, ਬਸ਼ਰਤੇ ਉਸ ਦੀ ਮਾਸਿਕ ਆਮਦਨ 15,000 ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਨ੍ਹਾਂ ਲੋਕਾਂ ਨੂੰ 60 ਸਾਲ ਦੀ ਉਮਰ ਹੋਣ 'ਤੇ ਹਰ ਮਹੀਨੇ 3,000 ਰੁਪਏ ਦੀ ਪੈਨਸ਼ਨ ਮਿਲੇਗੀ।

ਨੋਟੀਫਿਕੇਸ਼ਨ ਮੁਤਾਬਕ ਇਹ ਸਕੀਮ ਘਰਾਂ 'ਚ ਕੰਮ ਕਰਨ ਵਾਲੇ, ਰੇਹੜੀ ਵਾਲੇ, ਰਿਕਸ਼ਾ ਚਾਲਕ, ਮਿਡ ਡੇ ਮੀਲ ਵਰਕਰ, ਇੱਟਾਂ ਦੇ ਭੱਠੇ 'ਤੇ ਕੰਮ ਕਰਨ ਵਾਲੇ, ਖੇਤੀਬਾੜੀ ਮਜ਼ਦੂਰ, ਨਿਰਮਾਣ ਕੰਮਾਂ 'ਚ ਲੱਗੇ ਮਜ਼ਦੂਰ, ਕੂੜਾ ਚੁੱਕਣ ਵਾਲੇ, ਬੀੜੀ ਬਣਾਉਣ ਵਾਲੇ, ਚਮੜਾ ਵਰਕਰ, ਹੈਂਡਲੂਮ ਵਰਕਰ ਅਤੇ ਇਸ ਤਰ੍ਹਾਂ ਦੇ ਹੋਰ ਕਈ ਸਾਰੇ ਕੰਮ ਕਰਨ ਵਾਲੇ ਦਿਹਾੜੀਦਾਰਾਂ ਲੋਕਾਂ 'ਤੇ ਲਾਗੂ ਹੋਵੇਗੀ।

ਬੈਂਕ ਖਾਤਾ ਤੇ ਆਧਾਰ ਹੋਣਾ ਜ਼ਰੂਰੀ-


ਇਸ ਯੋਜਨਾ 'ਚ ਸ਼ਾਮਲ ਹੋਣ ਵਾਲੇ ਵਿਅਕਤੀ ਦਾ ਬੈਂਕ ਖਾਤਾ ਅਤੇ ਆਧਾਰ ਨੰਬਰ ਹੋਣਾ ਜ਼ਰੂਰੀ ਹੈ। ਜੇਕਰ ਤੁਹਾਡੀ ਉਮਰ 18 ਸਾਲ ਹੈ ਤਾਂ ਯੋਜਨਾ ਤਹਿਤ ਹਰ ਮਹੀਨੇ 55 ਰੁਪਏ ਜਮ੍ਹਾ ਕਰਵਾਉਣੇ ਹੋਣਗੇ। 29 ਸਾਲ ਦੀ ਉਮਰ 'ਚ ਜੁੜਨ ਵਾਲੇ ਲੋਕਾਂ ਨੂੰ 100 ਰੁਪਏ ਪ੍ਰਤੀ ਮਹੀਨਾ ਇਸ ਸਕੀਮ 'ਚ ਜਮ੍ਹਾ ਕਰਵਾਉਣੇ ਹੋਣਗੇ। 40 ਸਾਲ ਦੀ ਉਮਰ 'ਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ 200 ਰੁਪਏ ਦਾ ਯੋਗਦਾਨ ਕਰਨਾ ਹੋਵੇਗਾ। ਇਹ ਰਾਸ਼ੀ 60 ਸਾਲ ਦੀ ਉਮਰ ਹੋਣ ਤਕ ਜਮ੍ਹਾ ਕਰਵਾਉਣੀ ਹੋਵੇਗੀ।
ਇਸ ਸਕੀਮ 'ਚ ਜਿੰਨਾ ਯੋਗਦਾਨ ਤੁਹਾਡਾ ਹੋਵੇਗਾ ਉਸ ਦੇ ਬਰਾਬਰ ਦੀ ਰਕਮ ਸਰਕਾਰ ਵੀ ਤੁਹਾਡੇ ਖਾਤੇ 'ਚ ਜਮ੍ਹਾ ਕਰਵਾਏਗੀ, ਯਾਨੀ ਜੇਕਰ 100 ਰੁਪਏ ਜਮ੍ਹਾ ਕਰਵਾਏੇ ਤਾਂ ਸਰਕਾਰ ਵੀ 100 ਰੁਪਏ ਪਾਵੇਗੀ। ਇਸ ਤਰ੍ਹਾਂ ਹਰ ਮਹੀਨੇ ਖਾਤੇ 'ਚ ਰਕਮ 200 ਰੁਪਏ ਹੋ ਜਾਵੇਗੀ।