ਵਾਸ਼ਿੰਗਟਨ ਪੋਸਟ 'ਚ ਛਪੀਆਂ ਖਬਰਾਂ ਕਾਰਨ PM ਮੋਦੀ ਨਾਰਾਜ਼! ਨਹੀਂ ਦਿੱਤਾ ਜੈਫ ਬੇਜੋਸ ਨੂੰ ਮਿਲਣ ਦਾ ਸਮਾਂ

01/16/2020 6:04:37 PM

ਨਵੀਂ ਦਿੱਲੀ — ਐਮਾਜ਼ੋਨ ਦੇ ਬਾਨੀ ਅਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਜੈਫ ਬੇਜੋਸ ਅੱਜਕੱਲ੍ਹ ਭਾਰਤ ਦੌਰੇ 'ਤੇ ਹਨ। ਬੇਜੋਸ ਦਾ ਇਹ ਦੌਰਾ ਕਾਫੀ ਸੁਰਖੀਆਂ 'ਚ ਰਿਹਾ ਹੈ ਜਿਥੇ ਇਕ ਪਾਸੇ ਉਨ੍ਹਾਂ ਨੂੰ ਵਪਾਰੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਨੂੰ ਲੈ ਕੇ ਵੀ ਕਈ ਕਿਆਸ ਲਗਾਏ ਜਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਐਮਾਜ਼ੋਨ ਦੇ ਬਾਨੀ(ਸੰਸਥਾਪਕ) ਨੂੰ ਮਿਲਣ ਦਾ ਅਜੇ ਤੱਕ ਸਮਾਂ ਨਹੀਂ ਦਿੱਤਾ ਹੈ।

ਖਬਰਾਂ ਅਨੁਸਾਰ ਬੇਜੋਸ ਦੇ ਅਖਬਾਰ ਵਾਸ਼ਿੰਗਟਨ ਪੋਸਟ 'ਚ ਲਗਾਤਾਰ ਭਾਰਤ ਵਿਰੋਧੀ ਖਬਰਾਂ ਛਪਣ ਕਾਰਨ ਹੀ ਪ੍ਰਧਾਨ ਮੰਤਰੀ ਮੋਦੀ ਨੇ ਸਖਤ ਰੁਖ਼ ਅਪਣਾਇਆ ਹੈ। ਇਸ ਅਖਬਾਰ ਵਿਚ 16 ਮਈ 2019 ਨੂੰ ਛਪੇ ਇਕ ਲੇਖ ਦਾ ਸਿਰਲੇਖ ਸੀ -you know india's democracy is broken when million wait for election results in fear ਯਾਨੀ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਭਾਰਤ ਦੇ ਲੋਕ ਡਰੇ ਹੋਏ ਹਨ। ਇਸ ਦੇ ਨਾਲ ਹੀ ਧਾਰਾ 370 ਹਟਾਉਣ ਦੇ ਫੈਸਲੇ ਦੇ ਬਾਅਦ ਵੀ ਅਖਬਾਰਾਂ ਨੇ ਖਬਰਾਂ ਅਤੇ ਵਿਚਾਰਾਂ 'ਤੇ ਅਧਾਰਿਤ ਆਰਟੀਕਲ ਦੇ ਸੀਰੀਜ਼ ਪ੍ਰਕਾਸ਼ਿਤ ਕੀਤੇ ਸਨ। ਇੰਨਾ ਹੀ ਨਹੀਂ ਪ੍ਰਧਾਨ ਮੰਤਰੀ ਮੋਦੀ ਨੂੰ ਬਿਲ ਐਂਡ ਮਲਿੰਡਾ ਗੇਟਸ ਫਾਊਡੇਸ਼ਨ ਵਲੋਂ ਗਲੋਬਲ ਗੋਲਕੀਪਰ ਐਵਾਰਡ ਮਿਲਣ ਦੀ ਵੀ ਨਿੰਦਾ ਕੀਤੀ ਸੀ।

ਇਸ ਤੋਂ ਇਲਾਵਾ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ ਵਲੋਂ ਐਮਾਜ਼ੋਨ ਦੇ ਖਿਲਾਫ ਜਾਂਚ ਸ਼ੁਰੂ ਕਰਨਾ ਵੀ ਬੇਜੋਸ ਨੂੰ ਨਾ ਕਰਨ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਦਰਅਸਲ ਭਾਰਤ ਦੀ ਇਹ ਏਜੰਸੀ ਐਮਾਜ਼ੋਨ ਅਤੇ ਫਲਿੱਪਕਾਰਟ ਦੇ ਡਿਸਕਾਊਂਟ ਦੇਣ ਦੀ ਪ੍ਰਕਿਰਿਆ ਦੀ ਜਾਂਚ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਕੰਪਨੀਆਂ ਨੇ ਡਿਸਕਾਊਂਟ ਪ੍ਰਕਿਰਿਆ 'ਚ ਕੁਝ ਵਿਕਰੇਤਾਵਾਂ ਨੂੰ ਪਹਿਲ ਦੇ ਤਹਿਤ ਅਹਿਮੀਅਤ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬੇਜੋਸ ਅੱਜ ਮੁੰਬਈ ਦੇ ਕਾਰੋਬਾਰੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ ਇਹ ਸ਼ਾਮ ਨੂੰ ਬਾਲੀਵੁੱਡ ਦੇ ਇਕ ਪ੍ਰੋਗਰਾਮ 'ਚ ਵੀ ਹਿੱਸਾ ਲੈਣਗੇ।