ਸਾਨ ਫਰਾਂਸਿਸਕੋ Airport 'ਤੇ ਪਲਾਸਟਿਕ ਬੰਦ, ਲਾਗੂ ਹੋਈ ਪਾਬੰਦੀ

08/24/2019 2:10:01 PM

ਨਿਊਯਾਰਕ— ਸਾਨ ਫਰਾਂਸਿਸਕੋ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹੁਣ ਪਲਾਸਟਿਕ ਦੀ ਬੋਤਲ 'ਚ ਬੰਦ ਪਾਣੀ ਨਹੀਂ ਵਿਕੇਗਾ। ਬੀਤੇ ਮੰਗਲਵਾਰ ਯਾਨੀ 20 ਅਗਸਤ 2019 ਤੋਂ ਇਸ ਦੇ ਸਟੋਰਾਂ, ਰੈਸਟੋਰੈਂਟਾਂ ਅਤੇ ਵਿਕਰੇਤਾ ਮਸ਼ੀਨਾਂ 'ਤੇ ਪਲਾਸਟਿਕ ਬੋਤਲਾਂ 'ਤੇ ਪਾਬੰਦੀ ਲਾਗੂ ਹੋ ਗਈ ਹੈ। ਇਹ ਪਾਬੰਦੀ 2021 ਤਕ ਦੁਨੀਆ ਦਾ ਪਹਿਲਾ ਜ਼ੀਰੋ-ਵੇਸਟ ਏਅਰਪੋਰਟ ਬਣਨ ਦੀ ਕੋਸ਼ਿਸ਼ ਦਾ ਹਿੱਸਾ ਹੈ।

 

ਇਕ ਅਧਿਕਾਰੀ ਨੇ ਕਿਹਾ ਕਿ ਪਾਬੰਦੀ ਤੋਂ ਪਹਿਲਾਂ ਹਵਾਈ ਅੱਡੇ 'ਤੇ ਹਰ ਰੋਜ਼ ਲਗਭਗ 10,000 ਪਾਣੀ ਬੋਤਲਾਂ ਦੀ ਵਿਕਰੀ ਹੋ ਰਹੀ ਸੀ ਅਤੇ ਹਰ ਸਾਲ ਤਕਰੀਬਨ 28 ਮਿਲੀਅਨ ਪੌਂਡ ਕੂੜਾ ਪੈਦਾ ਹੁੰਦਾ ਸੀ ਪਰ ਹੁਣ ਇਸ 'ਤੇ ਲਗਾਮ ਲੱਗੇਗੀ।

ਹਾਲਾਂਕਿ ਇਹ ਪਾਬੰਦੀ ਸੋਡਾ ਅਤੇ ਜੂਸ ਵਰਗੇ ਪੀਣ ਵਾਲੇ ਪਦਾਰਥਾਂ 'ਤੇ ਲਾਗੂ ਨਹੀਂ ਹੈ। ਇਸ ਦੇ ਨਾਲ ਹੀ ਇਹ ਨਿਯਮ ਫਿਲਹਾਲ ਸਿਰਫ ਹਵਾਈ ਅੱਡੇ 'ਤੇ ਲਾਗੂ ਹੈ ਨਾ ਕਿ ਫਲਾਈਟਸ 'ਤੇ ਪਰ ਹਵਾਈ ਅੱਡੇ 'ਤੇ ਉਤਰਨ ਵਾਲੇ ਜਾਂ ਇੱਥੋਂ ਜਾਣ ਵਾਲੇ ਮੁਸਾਫਰਾਂ ਨੂੰ ਇੱਥੇ ਪਲਾਸਟਿਕ ਬੰਦ ਪਾਣੀ ਨਹੀਂ ਮਿਲੇਗਾ। ਪਾਬੰਦੀ ਲਾਉਣ ਤੋਂ ਪਹਿਲਾਂ ਹਵਾਈ ਅੱਡੇ ਨੇ ਲਗਭਗ 100 ਵਾਟਰ ਬੋਤਲ ਫਿਲਿੰਗ ਸਟੇਸ਼ਨ ਸਥਾਪਿਤ ਕੀਤੇ ਸਨ, ਤਾਂ ਕਿ ਯਾਤਰੀ ਆਪਣੀ ਬੋਤਲ 'ਚ ਪਾਣੀ ਭਰ ਸਕਣ, ਯਾਨੀ ਜੇਕਰ ਤੁਸੀਂ ਬੋਤਲ ਨਾਲ ਲੈ ਜਾਂਦੇ ਹੋ ਤਾਂ ਉਸ 'ਚ ਪਾਣੀ ਭਰ ਸਕਦੇ ਹੋ।