ਭਾਰਤ 'ਚ ਫਾਈਜ਼ਰ ਦੇ ਕੋਰੋਨਾ ਵਾਇਰਸ ਟੀਕੇ ਨੂੰ ਨਹੀਂ ਮਿਲੀ ਮਨਜ਼ੂਰੀ

02/06/2021 10:17:22 AM

ਮੁੰਬਈ- ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਖਿਲਾਫ਼ ਕੋਵਿਡ-19 ਟੀਕੇ ਨੂੰ ਮਨਜ਼ੂਰੀ ਦੇਣ ਲਈ ਭਾਰਤ ਵਿਚ ਬਣੀ ਵਿਸ਼ੇਸ਼ ਕਮੇਟੀ ਨੇ ਅਮਰੀਕੀ ਦਵਾ ਕੰਪਨੀ ਫਾਈਜ਼ਰ ਦੇ ਕੋਵਿਡ-19 ਟੀਕੇ ਨੂੰ ਸੰਕਟਕਾਲੀਨ ਇਸਤੇਮਾਲ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਫਾਈਜ਼ਰ ਟੀਕੇ ਦਾ ਅਮਰੀਕਾ ਅਤੇ ਬ੍ਰਿਟੇਨ ਵਿਚ ਇਸਤੇਮਾਲ ਹੋ ਰਿਹਾ ਹੈ। ਭਾਰਤ ਵਿਚ ਸਥਾਨਕ ਆਬਾਦੀ 'ਤੇ ਪ੍ਰੀਖਣ ਦੇ ਸੁਰੱਖਿਆ ਅਤੇ ਇਮਿਊਨਿਟੀ ਅੰਕੜੇ ਉਪਲਬਧ ਨਾ ਹੋਣ ਦੀ ਵਜ੍ਹਾ ਨਾਲ ਫਾਈਜ਼ਰ ਦੀ ਅਰਜ਼ੀ ਰੱਦ ਕੀਤੀ ਗਈ ਹੈ।

ਫਾਈਜ਼ਰ ਨੇ ਕਿਹਾ ਕਿ ਭਾਰਤ ਵਿਚ ਉਸ ਨੇ ਆਪਣੇ ਕੋਵਿਡ-19 ਟੀਕੇ ਦੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਲਈ ਦਾਇਰ ਕੀਤੀ ਅਰਜ਼ੀ ਵਾਪਸ ਲੈ ਲਈ ਹੈ। ਹਾਲਾਂਕਿ, ਕੰਪਨੀ ਨੇ ਕਿਹਾ ਕਿ ਉਹ ਟੀਕੇ ਨੂੰ ਲੈ ਕੇ ਨੇੜਲੇ ਭਵਿੱਖ ਵਿਚ ਉਪਲਬਧ ਹੋਣ ਵਾਲੀ ਹੋਰ ਜਾਣਕਾਰੀ ਦਵਾ ਨਿਗਰਾਨ ਨੂੰ ਸੌਂਪ ਸਕਦੀ ਹੈ।

ਭਾਰਤ ਨੇ ਫਾਈਜ਼ਰ ਨੂੰ ਦੇਸ਼ ਵਿਚ ਸੁਰੱਖਿਆ ਅਤੇ ਇਮਿਊਨਿਟੀ ਪ੍ਰੀਖਣ ਕਰਨ 'ਤੇ ਜ਼ੋਰ ਦਿੱਤਾ ਸੀ। ਇਹ ਇਸ ਲਈ ਕਿਉਂਕਿ ਫਾਈਜ਼ਰ-ਬਾਇਓਨਟੈਕ ਟੀਕੇ ਦੇ ਕਈ ਗੰਭੀਰ ਪ੍ਰਭਾਵ ਦੇਖੇ ਗਏ ਹਨ ਅਤੇ ਇਸ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਖ਼ਬਰਾਂ ਮੁਤਾਬਕ, ਭਾਰਤੀ ਦਵਾ ਨਿਗਰਾਨ ਨੇ ਕਿਸੇ ਵੀ ਅਜਿਹੇ ਕੋਵਿਡ-19 ਟੀਕੇ ਨੂੰ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਨਾ ਦੇਣ ਦਾ ਫ਼ੈਸਲਾ ਕੀਤਾ, ਜਿਸ ਕੋਲ ਸਥਾਨਕ ਪੱਧਰ 'ਤੇ ਪ੍ਰੀਖਣ ਦੇ ਅੰਕੜੇ ਉਪਲਬਧ ਨਹੀਂ ਹੋਣਗੇ।

Sanjeev

This news is Content Editor Sanjeev