ਜਲਦ 10 ਰੁਪਏ ਸਸਤਾ ਹੋ ਸਕਦੈ ਪੈਟਰੋਲ

12/25/2019 8:19:02 PM

ਨਵੀਂ ਦਿੱਲੀ—ਭਾਰਤ ਆਪਣੇ ਕੱਚੇ ਤੇਲ ਦੀ ਜ਼ਰੂਰਤ ਦਾ 80 ਫ਼ੀਸਦੀ ਖਰੀਦ ਕਰਦਾ ਹੈ। ਇਸ ਲਿਹਾਜ਼ ਨਾਲ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਖ਼ਰੀਦਣ ਵਾਲਾ ਦੇਸ਼ ਹੈ । ਇਸ ਦੇ ਬਾਵਜੂਦ ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਿਆਸੀ ਮੁੱਦਾ ਬਣ ਜਾਂਦੀਆਂ ਹਨ। ਤੇਲ ਦੀਆਂ ਕੀਮਤਾਂ ਦੋ ਕਾਰਨ ਕਰਕੇ ਦੇਸ਼ 'ਚ ਵਧਦੀਆਂ ਹਨ। ਪਹਿਲਾ ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ ਮਹਿੰਗਾ ਹੋਣ 'ਤੇ ਅਤੇ ਦੂਜਾ ਡਾਲਰ ਦੇ ਮੁਕਾਬਲੇ ਰੁਪਏ ਦੇ ਕਮਜ਼ੋਰ ਹੋਣਾ । ਹੁਣ ਮੋਦੀ ਸਰਕਾਰ ਇਕ ਅਜਿਹਾ ਕਦਮ ਚੁੱਕਣ ਜਾ ਰਹੀ ਹੈ, ਜਿਸ ਨਾਲ ਦੇਸ਼ 'ਚ ਪੈਟਰੋਲ ਦੀਆਂ ਕੀਮਤਾਂ 'ਚ 10 ਰੁਪਏ ਤਕ ਦੀ ਕਮੀ ਆ ਜਾਵੇਗੀ।

ਮੋਦੀ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਜਲਦ ਤੋਂ ਜਲਦ ਬਾਜ਼ਾਰ 'ਚ ਮੈਥਾਨਲ ਤੇਲ ਦਾ ਇਸਤੇਮਾਲ ਕੀਤਾ ਜਾਵੇ। ਜੇਕਰ ਸਰਕਾਰ ਅਜਿਹਾ ਕਰਨ 'ਚ ਸਫਲ ਹੋ ਜਾਂਦੀ ਹੈ, ਤਾਂ ਉਹ ਇਤਿਹਾਸਕ ਤੌਰ 'ਤੇ ਪੈਟਰੋਲ ਦੀ ਕੀਮਤ ਘੱਟ ਕਰ ਦੇਵੇਗੀ। ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਮੈਥਾਨਲ ਵਾਲਾ ਤੇਲ ਬਾਜ਼ਾਰ 'ਚ ਵੇਚਿਆ ਜਾਂਦਾ ਹੈ, ਤਾਂ ਇਸ ਇਕ ਲੀਟਰ ਪੈਟਰੋਲ ਦੀ ਕੀਮਤ 10 ਰੁਪਏ ਪ੍ਰਤੀ ਲੀਟਰ ਤਕ ਘੱਟ ਹੋ ਸਕਦੀ ਹੈ। ਇਸ ਦੇ ਨਾਲ ਹੀ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਤੇਲ ਦੀ ਵਰਤੋਂ ਨਾਲ ਪ੍ਰਦੂਸ਼ਣ ਦਾ ਪੱਧਰ ਕਰੀਬ 30 ਫ਼ੀਸਦੀ ਤਕ ਘੱਟ ਹੋ ਜਾਵੇਗਾ।

ਜਾਣਕਾਰੀ ਅਨੁਸਾਰ, ਵਰਤਮਾਨ 'ਚ ਦੇਸ਼ 'ਚ ਲਗਭਗ 10 ਫ਼ੀਸਦੀ ਈਥਾਨਲ ਮਿਸ਼ਰਿਤ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ। ਹਾਲਾਂਕਿ, ਵਰਤਮਾਨ 'ਚ ਈਥਾਨਲ ਦੀ ਲਾਗਤ ਲਗਭਗ 42 ਰੁਪਏ ਪ੍ਰਤੀ ਲੀਟਰ ਹੈ। ਇਹ ਮੈਥਾਨਲ ਦੀ ਤੁਲਨਾ 'ਚ ਬਹੁਤ ਜ਼ਿਆਦਾ ਮਹਿੰਗਾ ਹੈ, ਕਿਉਂਕਿ ਵਰਤਮਾਨ 'ਚ ਮੈਥਾਨਲ ਦੀ ਲਾਗਤ ਲਗਭਗ 20 ਰੁਪਏ ਪ੍ਰਤੀ ਲੀਟਰ ਹੈ। ਇੰਡੀਅਨ ਆਇਲ ਪਹਿਲਾਂ ਤੋਂ ਹੀ ਮੈਥਾਨਲ ਮਿਸ਼ਰਿਤ ਤੇਲ ਦਾ ਉਤਪਾਦਨ ਕਰ ਰਿਹਾ ਹੈ, ਜਿਸ 'ਚ 15 ਫ਼ੀਸਦੀ ਮੈਥਾਨਲ ਅਤੇ 85 ਫ਼ੀਸਦੀ ਪੈਟਰੋਲ ਸ਼ਾਮਲ ਹੈ। ਪਰ, ਅਜੇ ਇਸ ਦਾ ਉਤਪਾਦਨ ਘੱਟ ਹੈ ਅਤੇ ਵਪਾਰਕ ਉਪਯੋਗ ਲਈ ਇਸ ਦਾ ਉਤਪਾਦਨ ਹੋ ਰਿਹਾ ਹੈ। ਮਾਹਰਾਂ ਮੁਤਾਬਕ, ਜੇਕਰ 15 ਫ਼ੀਸਦੀ ਮੈਥਾਨਲ ਨੂੰ ਤੇਲ 'ਚ ਮਿਲਾਇਆ ਜਾਵੇ, ਤਾਂ 2030 ਤਕ ਦੇਸ਼ ਲਗਭਗ 100 ਬਿਲੀਅਨ ਡਾਲਰ ਬਚਾ ਸਕਦਾ ਹੈ।

ਵਰਤਮਾਨ 'ਚ ਮੈਥਾਨਲ ਦਾ ਉਤਪਾਦਨ ਅਸਾਮ ਪੈਟਰੋਕੈਮੀਕਲਜ਼ 'ਚ ਕੀਤਾ ਜਾ ਰਿਹਾ ਹੈ, ਜਿਸ ਦੀ ਵਰਤਮਾਨ 'ਚ ਉਤਪਾਦਨ ਸਮਰੱਥਾ 100 ਟਨ ਰੋਜ਼ਾਨਾ ਹੈ। ਉਮੀਦ ਹੈ ਕਿ ਅਪ੍ਰੈਲ 2020 ਤਕ, ਇਹ ਉਤਪਾਦਨ 6 ਗੁਣਾ ਵਧ ਕੇ 600 ਟਨ ਰੋਜ਼ਾਨਾ ਹੋ ਜਾਵੇਗਾ। ਜੇਕਰ ਜਲਦ ਤੋਂ ਜਲਦ ਦੇਸ਼ 'ਚ ਮੈਥਾਨਲ ਮਿਸ਼ਰਿਤ ਤੇਲ ਉਪਲੱਬਧ ਹੋਣ ਲੱਗੇਗਾ, ਤਾਂ ਪੈਟਰੋਲ ਦੀ ਕੀਮਤ ਘੱਟੋ-ਘੱਟ 10 ਰੁਪਏ ਪ੍ਰਤੀ ਲੀਟਰ ਘੱਟ ਹੋ ਜਾਵੇਗੀ ਅਤੇ ਨਾਲ ਹੀ ਵਾਤਾਵਰਨ ਪ੍ਰਦੂਸ਼ਣ 'ਚ ਵੀ ਕਮੀ ਆਵੇਗੀ। ਇਸ ਤੋਂ ਇਲਾਵਾ ਵੱਡੀ ਮਾਤਰਾ 'ਚ ਵਿਦੇਸ਼ੀ ਕਰੰਸੀ ਦੀ ਬੱਚਤ ਹੋਵੇਗੀ, ਜਿਸ ਦਾ ਇਸਤੇਮਾਲ ਵਿਕਾਸ ਕਾਰਜਾਂ 'ਚ ਹੋ ਸਕੇਗਾ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਭਾਰਤ ਹਰ ਸਾਲ ਲਗਭਗ 114.5 ਬਿਲੀਅਨ ਡਾਲਰ ਦਾ ਕੱਚਾ ਤੇਲ ਖਰੀਦ ਕਰਦਾ ਹੈ। ਕੱਚਾ ਤੇਲ ਖ਼ਰੀਦਣ ਲਈ ਭਾਰਤ ਨੂੰ ਕਾਫ਼ੀ ਵਿਦੇਸ਼ੀ ਕਰੰਸੀ ਖ਼ਰਚ ਕਰਨੀ ਪੈਂਦੀ ਹੈ। ਦੇਸ਼ 'ਚ ਹਰ ਸਾਲ 2900 ਕਰੋੜ ਲੀਟਰ ਪੈਟਰੋਲ ਅਤੇ 9,000 ਕਰੋੜ ਲੀਟਰ ਡੀਜ਼ਲ ਦੀ ਖਪਤ ਹੁੰਦੀ ਹੈ। ਇਸ ਦੇ ਨਾਲ ਹੀ ਮੋਦੀ ਸਰਕਾਰ ਇਲੈਕ੍ਰਟਿਕ ਵਾਹਨਾਂ ਨੂੰ ਬਾਜ਼ਾਰ 'ਚ ਲਿਆਉਣ ਦੀ ਤਿਆਰੀ ਕਰ ਰਹੀ ਹੈ, ਤਾਂ ਕਿ ਪੈਟਰੋਲ 'ਤੇ ਪੈਣ ਵਾਲੇ ਦਬਾਅ ਨੂੰ ਘੱਟ ਕੀਤਾ ਜਾ ਸਕੇ।

Karan Kumar

This news is Content Editor Karan Kumar