ਕੱਚੇ ਤੇਲ 'ਤੇ ਦੋਹਰੀ ਮਾਰ, ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ

03/12/2019 8:34:37 AM

ਨਵੀਂ ਦਿੱਲੀ— ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਅਗਲੇ ਮਹੀਨੇ ਤੋਂ ਉਛਾਲ ਆ ਸਕਦਾ ਹੈ। ਇਸ ਦਾ ਕਾਰਨ ਹੈ ਕਿ ਇਕ ਪਾਸੇ ਸਾਊਦੀ ਅਰਬ ਅਪ੍ਰੈਲ ਤੋਂ ਤੇਲ ਸਪਲਾਈ 'ਚ ਕਟੌਤੀ ਕਰਨ ਜਾ ਰਿਹਾ ਹੈ ਤਾਂ ਦੂਜੇ ਪਾਸੇ ਅਮਰੀਕਾ 'ਚ ਤੇਲ ਖੁਦਾਈ ਦਾ ਕੰਮ ਹੌਲੀ ਹੋ ਰਿਹਾ ਹੈ।

ਇਸ ਦੋਹਰੀ ਮਾਰ ਕਾਰਨ ਪੈਟਰੋਲ-ਡੀਜ਼ਲ ਮਹਿੰਗਾ ਹੋਣ ਦੀ ਸੰਭਾਵਨਾ ਹੈ। ਸਾਊਦੀ ਹੁਣ ਰੋਜ਼ਾਨਾ 70 ਲੱਖ ਬੈਰਲ ਤੋਂ ਵੀ ਘੱਟ ਤੇਲ ਸਪਲਾਈ ਕਰਨ ਦੀ ਯੋਜਨਾ ਬਣਾ ਰਿਹਾ ਹੈ। ਉਸ ਨੇ ਕੁੱਲ ਉਤਪਾਦਨ ਨੂੰ ਵੀ 1 ਕਰੋੜ ਬੈਰਲ ਪ੍ਰਤੀ ਦਿਨ ਤੋਂ ਘੱਟ ਕਰਨ ਦਾ ਫੈਸਲਾ ਕੀਤਾ ਹੈ। ਸਾਊਦੀ ਦੀ ਸਭ ਤੋਂ ਵੱਡੀ ਤੇਲ ਕੰਪਨੀ ਅਰਾਮਕੋ ਕੋਲ ਮੌਜੂਦਾ ਸਮੇਂ ਰੋਜ਼ਾਨਾ 76 ਲੱਖ ਬੈਰਲ ਤੇਲ ਦੀ ਮੰਗ ਆ ਰਹੀ ਹੈ, ਜਦੋਂ ਕਿ ਅਪ੍ਰੈਲ ਤੋਂ ਉਹ ਇਸ ਤੋਂ 6.35 ਲੱਖ ਬੈਰਲ ਤੇਲ ਘੱਟ ਸਪਲਾਈ ਕਰੇਗੀ। ਈਰਾਨ ਅਤੇ ਵੈਨੇਜ਼ੁਏਲਾ ਦੀ ਤੇਲ ਇੰਡਸਟਰੀ 'ਤੇ ਅਮਰੀਕੀ ਪਾਬੰਦੀ ਨੇ ਵੀ ਸਪਲਾਈ ਨੂੰ ਤੰਗ ਕਰ ਦਿੱਤਾ ਹੈ।
ਹੁਣ ਤਕ ਅਮਰੀਕਾ ਨੇ ਆਪਣਾ ਉਤਪਾਦਨ ਵਧਾ ਕੇ ਕੱਚੇ ਤੇਲ ਦੀਆਂ ਕੀਮਤਾਂ ਨੂੰ ਕਾਫੀ ਹੱਦ ਤਕ ਕਾਬੂ 'ਚ ਕੀਤਾ ਸੀ ਪਰ ਉੱਥੇ ਤੇਲ ਖੁਦਾਈ ਦੇ ਕੰਮ 'ਚ ਰੁਕਾਵਟ ਆਉਣ ਕਾਰਨ ਸਪਲਾਈ ਫਿਲਹਾਲ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਕੌਮਾਂਤਰੀ ਊਰਜਾ ਏਜੰਸੀ ਮੁਤਾਬਕ, ਅਮਰੀਕਾ ਦਾ ਉਤਪਾਦਨ ਜਲਦ ਰਿਕਾਰਡ 1.30 ਕਰੋੜ ਬੈਰਲ ਬੀ. ਪੀ. ਡੀ 'ਤੇ ਪਹੁੰਚ ਸਕਦਾ ਹੈ। ਸੂਤਰਾਂ ਮੁਤਾਬਕ, ਸਾਊਦੀ ਕੌਮਾਂਤਰੀ ਬਾਜ਼ਾਰ 'ਚ ਕੀਮਤਾਂ ਨੂੰ ਉੱਚੇ ਪੱਧਰ 'ਤੇ ਰੱਖਣ ਲਈ ਕਾਫੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ ਜਨਵਰੀ 'ਚ ਰੋਜ਼ਾਨਾ 1 ਕਰੋੜ 24 ਲੱਖ ਬੈਰਲ ਤੇਲ ਦਾ ਉਤਪਾਦਨ ਕੀਤਾ ਸੀ, ਜਦੋਂ ਕਿ ਫਰਵਰੀ 'ਚ ਇਹ ਘੱਟ ਕੇ 1 ਕਰੋੜ 13 ਲੱਖ ਬੈਰਲ ਪ੍ਰਤੀ ਦਿਨ ਰਿਹਾ। ਮਾਰਚ ਦੇ ਸ਼ੁਰੂ 'ਚ ਇਹ ਹੋਰ ਘਟ ਕੇ 98 ਲੱਖ ਬੈਰਲ ਰਿਹਾ।