ਬੈਂਕ ਲੋਨ ਹੋਵੇਗਾ ਮਹਿੰਗਾ, ਤੁਹਾਡੀ ਜੇਬ ''ਤੇ ਵਧੇਗਾ ਬੋਝ!

03/10/2018 8:32:02 AM

ਨਵੀਂ ਦਿੱਲੀ— ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਲਈ ਨਵੀਆਂ ਮੁਸੀਬਤਾਂ ਖੜ੍ਹੀਆਂ ਹੋ ਸਕਦੀਆਂ ਹਨ।ਪਿਛਲੇ ਦੋ ਮਹੀਨਿਆਂ ਤੋਂ ਲੋਕ ਬੈਂਕ 'ਚੋਂ ਕਾਫੀ ਤੇਜ਼ੀ ਨਾਲ ਪੈਸਾ ਕੱਢ ਰਹੇ ਹਨ।ਇਸ ਵਜ੍ਹਾ ਨਾਲ ਸਿਸਟਮ ਵਿੱਚ ਕਰੰਸੀ ਦਾ ਸਰਕੂਲੇਸ਼ਨ ਕਾਫੀ ਤੇਜ਼ੀ ਨਾਲ ਵਧ ਗਿਆ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਕਰਜ਼ਾ ਹੋਰ ਮਹਿੰਗਾ ਹੋ ਸਕਦਾ ਹੈ। ਇਸ ਦਾ ਸਿੱਧਾ ਅਸਰ ਕਿਸ਼ਤ ਅਤੇ ਮਹਿੰਗੇ ਕਰਜ਼ੇ ਦੇ ਰੂਪ ਵਿੱਚ ਹੋਵੇਗਾ।ਇਸ ਗੱਲ ਦਾ ਖਦਸ਼ਾ ਐੱਸ. ਬੀ. ਆਈ. ਦੀ ਇਕ ਰਿਪੋਰਟ ਵਿੱਚ ਜਤਾਇਆ ਗਿਆ ਹੈ।ਪਿਛਲੇ ਹਫਤੇ ਹੀ ਭਾਰਤੀ ਸਟੇਟ ਬੈਂਕ, ਪੰਜਾਬ ਨੈਸ਼ਨਲ ਬੈਂਕ, ਆਈ. ਸੀ. ਆਈ. ਸੀ. ਆਈ. ਵਰਗੇ ਬੈਂਕਾਂ ਨੇ ਕਰਜ਼ਾ ਮਹਿੰਗਾ ਕੀਤਾ ਹੈ। ਆਰ. ਬੀ. ਆਈ. ਨੇ ਵੀ ਮਹਿੰਗਾਈ ਵਧਣ ਨੂੰ ਲੈ ਕੇ ਅਲਰਟ ਕੀਤਾ ਹੈ।
ਭਾਰਤੀ ਸਟੇਟ ਬੈਂਕ ਦੀ ਰਿਪੋਰਟ ਅਨੁਸਾਰ ਇਕੱਲੇ ਜਨਵਰੀ ਮਹੀਨੇ ਸਿਸਟਮ ਵਿੱਚ ਕਰੰਸੀ ਸਰਕੂਲੇਸ਼ਨ 45 ਹਜ਼ਾਰ ਕਰੋੜ ਰੁਪਏ ਵਧ ਗਿਆ ਹੈ।ਉੱਥੇ ਹੀ ਫਰਵਰੀ ਵਿੱਚ ਇਹ ਵਧ ਕੇ 51 ਹਜ਼ਾਰ ਕਰੋੜ ਰੁਪਏ ਹੋ ਗਿਆ ਹੈ।ਜਦੋਂ ਕਿ ਔਸਤ ਕਰੰਸੀ ਸਰਕੂਲੇਸ਼ਨ ਇਨ੍ਹਾਂ ਦੋ ਮਹੀਨਿਆਂ ਵਿੱਚ 10 ਹਜ਼ਾਰ ਕਰੋੜ ਰੁਪਏ ਤੋਂ ਲੈ ਕੇ 20 ਹਜ਼ਾਰ ਕਰੋੜ ਰੁਪਏ ਤਕ ਵਧਦਾ ਹੈ।ਰਿਪੋਰਟ ਅਨੁਸਾਰ ਅਗਲੇ ਕੁਝ ਮਹੀਨਿਆਂ ਵਿੱਚ ਮੱਧ ਪ੍ਰਦੇਸ਼, ਛੱਤੀਸਗੜ, ਰਾਜਸਥਾਨ, ਕਰਨਾਟਕ ਵਰਗੇ ਸੂਬਿਆਂ ਵਿੱਚ ਚੋਣਾਂ ਹੋਣ ਨਾਲ ਕਰੰਸੀ ਸਰਕੂਲੇਸ਼ਨ ਹੋਰ ਵਧਣ ਦਾ ਖਦਸ਼ਾ ਹੈ, ਜਿਸ ਦਾ ਸਿੱਧਾ ਅਸਰ ਬੈਂਕਾਂ ਦੀ ਜਮ੍ਹਾ ਰਾਸ਼ੀ 'ਤੇ ਪਵੇਗਾ।ਬੈਂਕ ਡਿਪਾਜ਼ਿਟ ਵਧਾਉਣ ਲਈ ਜਮ੍ਹਾ ਵਿਆਜ ਦਰਾਂ ਵਿੱਚ ਵਾਧਾ ਕਰ ਸਕਦੇ ਹਨ, ਜਿਸ ਨਾਲ ਲੋਨ ਵੀ ਮਹਿੰਗਾ ਹੋਵੇਗਾ।

ਡਿਪਾਜ਼ਿਟ ਗਰੋਥ ਡਿੱਗ ਕੇ 5.9 ਫੀਸਦੀ 'ਤੇ
ਐੱਸ. ਬੀ. ਆਈ. ਦੀ ਰਿਪੋਰਟ ਅਨੁਸਾਰ ਨੋਟਬੰਦੀ ਲਾਗੂ ਹੋਣ ਦੇ ਬਾਅਦ ਜਿਸ ਤਰ੍ਹਾਂ ਨਾਲ ਬੈਂਕਾਂ ਵਿੱਚ ਡਿਪਾਜ਼ਿਟ ਗ੍ਰੋਥ ਯਾਨੀ ਪੈਸੇ ਜਮ੍ਹਾ ਕਰਾਉਣ ਦੀ ਰਫਤਾਰ ਵਧੀ ਸੀ, ਉਹ ਹੁਣ ਕਾਫੀ ਘੱਟ ਹੋ ਗਈ ਹੈ।ਨਵੰਬਰ 2016 ਵਿੱਚ ਡਿਪਾਜ਼ਿਟ ਗਰੋਥ ਆਪਣੇ ਉੱਚੇ ਪੱਧਰ 15.6 ਫੀਸਦੀ 'ਤੇ ਪਹੁੰਚ ਗਈ ਸੀ, ਜੋ ਕਿ ਅਪ੍ਰੈਲ 2017 ਵਿੱਚ ਘੱਟ ਕੇ 10.9 ਫੀਸਦੀ 'ਤੇ ਆ ਗਈ।ਹੁਣ ਫਰਵਰੀ 2018 ਵਿੱਚ ਇਹ ਹੋਰ ਘੱਟ ਕੇ 5.9 ਫੀਸਦੀ 'ਤੇ ਆ ਗਈ ਹੈ।ਬੈਂਕਰਾਂ ਅਨੁਸਾਰ ਆਉਣ ਵਾਲੇ ਸਮੇਂ ਵਿੱਚ ਗਰੋਥ ਹੋਰ ਘੱਟ ਹੋ ਸਕਦੀ ਹੈ, ਜਿਸ ਦਾ ਸਿੱਧਾ ਅਸਰ ਬੈਂਕਾਂ ਦੇ ਜਮ੍ਹਾ ਵਿਆਜ ਰੇਟ 'ਤੇ ਦਿਸੇਗਾ। 

ਆਰ. ਬੀ. ਆਈ. ਨੇ ਜਤਾਇਆ ਹੈ ਅਲਰਟ!
ਇਸ ਤੋਂ ਪਹਿਲਾਂ ਭਾਰਤੀ ਰਿਜ਼ਰਵ ਬੈਂਕ ਵੀ ਫਰਵਰੀ ਵਿੱਚ ਪੇਸ਼ ਮਾਨਿਟਰੀ ਪਾਲਿਸੀ ਵਿੱਚ ਮਹਿੰਗਾਈ ਵਧਣ ਦਾ ਖਦਸ਼ਾ ਪ੍ਰਗਟ ਕਰ ਚੁੱਕਾ ਹੈ।ਇਸ ਕਾਰਨ ਉਸ ਨੇ ਰੈਪੋ ਰੇਟ ਵਿੱਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ ਸੀ।ਉਸ ਦੇ ਬਾਅਦ ਮਾਰਚ ਵਿੱਚ ਬੈਂਕਾਂ ਨੇ ਆਪਣੇ ਕਰਜ਼ਾ ਮਹਿੰਗਾ ਕਰਨਾ ਸ਼ੁਰੂ ਕਰ ਦਿੱਤਾ ਸੀ।ਐੱਸ. ਬੀ. ਆਈ. ਨੇ ਕਰੀਬ ਦੋ ਸਾਲ ਬਾਅਦ ਇਸ ਵਾਰ ਮਾਰਚ 2018 ਵਿੱਚ ਕਰਜ਼ਾ ਮਹਿੰਗਾ ਕੀਤਾ ਹੈ।