ਦੇਸ਼ ਦੇ 20 ਸਟੇਸ਼ਨਾਂ ਦੀ ਨੁਹਾਰ ਬਦਲਣਗੇ ਪੀਈ ਤੇ ਪੈਨਸ਼ਨ ਫੰਡ!

07/19/2019 4:10:28 PM

ਨਵੀਂ ਦਿੱਲੀ — ਸਰਕਾਰ ਦੇਸ਼ ਦੇ ਰੇਲਵੇ ਸਟੇਸ਼ਨਾਂ ਦੇ ਮੁੜ-ਵਿਕਾਸ ਲਈ ਇਕ ਲੱਖ ਕਰੋੜ ਰੁਪਏ ਦੀ ਅਭਿਲਾਸ਼ੀ ਪ੍ਰੋਜੈਕਟ ਲਈ ਨਿੱਜੀ ਇਕੁਇਟੀ(ਪੀਈ) ਕੰਪਨੀਆਂ ਅਤੇ ਪੈਨਸ਼ਨ ਫੰਡਾਂ ਨੂੰ ਆਕਰਸ਼ਿਤ ਕਰਨ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਭਾਰਤੀ ਰੇਲਵੇ ਸਟੇਸ਼ਨ ਵਿਕਾਸ ਨਿਗਮ(IRSDC) ਘੱਟੋ-ਘੱਟ 10 ਸਟੇਸ਼ਨਾਂ ਦੇ ਮੁੜ-ਵਿਕਾਸ ਲਈ ਵਿਕਾਸ ਸਾਂਝੇਦਾਰ ਇਕੱਠੇ ਕਰਨ ਲਈ ਅਗਸਤ ਵਿਚ ਮੰਗ ਪੱਤਰ ਜਾਰੀ ਕਰੇਗੀ। IRSDC ਦੇਸ਼ ਵਿਚ ਸਟੇਸ਼ਨਾਂ ਦੇ ਵਿਕਾਸ ਲਈ ਨੋਡਲ ਏਜੰਸੀ ਹੈ। 15 ਜੁਲਾਈ ਨੂੰ ਉਸਦੀ ਉਨ੍ਹਾਂ ਪੈਨਸ਼ਨ ਫੰਡਾਂ ਅਤੇ ਪੀਈ ਕੰਪਨੀਆਂ ਦੇ ਨਾਲ ਸ਼ੁਰੂਆਤੀ ਬੈਠਕ ਹੋਈ ਸੀ ਜਿਹੜੇ ਇਨ੍ਹਾਂ ਸਟੇਸ਼ਨਾਂ ਲਈ ਨਿਵੇਸ਼ ਕਰ ਸਕਦੇ ਹਨ। IRSDC ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਐਸ.ਕੇ. ਲੋਹਿਆ ਨੇ ਕਿਹਾ, 'ਅਸੀਂ 10 ਸਟੇਸ਼ਨਾਂ ਦੇ ਮੁੜ ਵਿਕਾਸ 'ਚ ਕਰੀਬ 2,500 ਕਰੋੜ ਰੁਪਏ ਤੋਂ 3,000 ਕਰੋੜ ਰੁਪਏ ਇਕੱਠਾ ਕਰਨ ਲਈ ਨਿਵੇਸ਼ਕਾਂ ਦੀ ਭਾਲ ਕਰ ਰਹੇ ਹਾਂ।'

IRSDC ਕੋਲ 20 ਅਜਿਹੇ ਸਟੇਸ਼ਨਾਂ ਦੀ ਸੂਚੀ ਹੈ ਜਿਨ੍ਹਾਂ ਵਿਚ ਨਿਵੇਸ਼ਕ ਪੈਸਾ ਲਗਾਉਣ ਲਈ ਦਿਲਚਸਪੀ ਦਿਖਾ ਸਕਦੇ ਹਨ। ਇਨ੍ਹਾਂ ਵਿਚੋਂ ਨਿਵੇਸ਼ਕਾਂ ਨੂੰ ਰਿਟਰਨ ਦੀ ਦਰ ਦੇ ਆਧਾਰ 'ਤੇ 10 ਸਟੇਸ਼ਨਾਂ ਵਿਚੋਂ ਆਪਣੀ ਪਸੰਦ ਚੁਣਨ ਦਾ ਮੌਕਾ ਮਿਲੇਗਾ। ਇਸ ਸੂਚੀ ਵਿਚ ਮੁੰਬਈ ਸੈਂਟਰਲ, ਪੁਣੇ ਸ਼ਿਵਾਜੀ ਨਗਰ, ਬਾਂਦਰਾ ਟਰਮਿਨਲਸ, ਬੈਂਗਲੁਰੂ ਸਿਟੀ, ਚੇਨਈ, ਅੰਧੇਰੀ,ਉਦੇਪੁਰ ਸਿਟੀ, ਕੋਲਕਾਤਾ, ਦਾਦਰ, ਲੋਕਮਾਨਿਆ ਤਿਲਕ, ਆਦਰਸ਼ ਨਗਰ ਦਿੱਲੀ, ਦਿੱਲੀ ਸ਼ਹਾਦਰਾ, ਗਾਂਧੀਨਗਰ ਜੈਪੁਰ, ਦਿੱਲੀ ਕੈਂਟ, ਗੁੜਗਾਓਂ, ਫਰੀਦਾਬਾਦ, ਬੋਰੀਵਲੀ, ਬੈਂਗਲੁਰੂ ਕੈਂਟ, ਆਸਨਸੋਲ ਅਤੇ ਵਾਰਧਾ ਸ਼ਾਮਲ ਹਨ। ਯੋਜਨਾ ਮੁਤਾਬਕ ਵਿਕਾਸ ਸਾਂਝੇਦਾਰ ਨੂੰ ਜ਼ਮੀਨ ਦੀ ਵਿਕਰੀ ਤੋਂ ਮਿਲੀ ਰਕਮ ਅਤੇ ਇਸ ਤੋਂ ਬਾਅਦ ਪ੍ਰੋਜੈਕਟ ਦੇ ਵਪਾਰਕਕਰਨ ਤੋਂ ਮਿਲਣ ਵਾਲੀ ਨਕਦੀ ਤੋਂ ਲਾਭ ਦੀ ਤੈਅ ਦਰ ਦਾ ਭੁਗਤਾਨ ਕੀਤਾ ਜਾਵੇਗਾ।