ਨਿੱਜੀ ਬੈਂਕਾਂ ਦਾ ਜ਼ੋਰਦਾਰ ਝਟਕਾ, UPI ਲੈਣ-ਦੇਣ 'ਤੇ ਦੇਣਾ ਪਵੇਗਾ ਇੰਨਾ ਚਾਰਜ

08/25/2020 2:13:44 PM

ਮੁੰਬਈ—  ਨਿੱਜੀ ਵੱਡੇ ਬੈਂਕਾਂ ਨੇ ਯੂ. ਪੀ. ਆਈ. ਜ਼ਰੀਏ ਲੈਣ-ਦੇਣ 'ਤੇ ਚਾਰਜ ਲਾ ਦਿੱਤਾ ਹੈ। ਇਕ ਰਿਪੋਰਟ ਮੁਤਾਬਕ, ਸਾਰੇ ਨਿੱਜੀ ਵੱਡੇ ਬੈਂਕ ਇਕ ਮਹੀਨੇ 'ਚ 20 ਤੋਂ ਵੱਧ ਵਾਰ ਯੂ. ਪੀ. ਆਈ. ਦੀ ਵਰਤੋਂ ਕਰਨ 'ਤੇ 2.5 ਤੋਂ 5 ਰੁਪਏ ਤੱਕ ਦਾ ਚਾਰਜ ਲਾ ਰਹੇ ਹਨ।

ਬੈਂਕਰਾਂ ਦਾ ਕਹਿਣਾ ਹੈ ਕਿ ਗੈਰ-ਜ਼ਰੂਰੀ ਛੋਟੇ-ਛੋਟੇ ਲੈਣ-ਦੇਣ ਕਾਰਨ ਸਿਸਟਮ 'ਤੇ ਪੈਣ ਵਾਲੇ ਬੋਝ ਨੂੰ ਰੋਕਣ ਲਈ ਚਾਰਜ ਲਗਾਏ ਗਏ ਹਨ।

 

ਨਿੱਜੀ ਬੈਂਕਾਂ ਨੇ ਯੂ. ਪੀ. ਆਈ. 'ਤੇ ਅਜਿਹੇ ਸਮੇਂ ਚਾਰਜ ਪੇਸ਼ ਕੀਤੇ ਹਨ ਜਦੋਂ ਲਾਕਡਾਊਨ ਦੌਰਾਨ ਇਸ ਦੀ ਵਰਤੋਂ ਮਹੀਨੇ ਦਰ ਮਹੀਨੇ ਲਗਭਗ 8 ਫੀਸਦੀ ਵੱਧ ਰਹੀ ਹੈ ਅਤੇ ਸਰਕਾਰ ਕਹਿ ਚੁੱਕੀ ਹੈ ਕਿ ਯੂ. ਪੀ. ਆਈ. ਜ਼ਰੀਏ ਹੋ ਰਹੇ ਭੁਗਤਾਨ ਚਾਰਜ ਮੁਕਤ ਹੋਣਗੇ। ਇਸ ਸਾਲ ਅਗਸਤ 'ਚ ਯੂ. ਪੀ. ਆਈ. ਟ੍ਰਾਂਜੈਕਸ਼ਨ 160 ਕਰੋੜ ਤੱਕ ਪਹੁੰਚਣ ਦੀ ਉਮੀਦ ਹੈ, ਜੋ ਅਪ੍ਰੈਲ 2019 'ਚ 80 ਕਰੋੜ ਹੋਏ ਸਨ। ਰਿਪੋਰਟ ਮੁਤਾਬਕ, ਬੈਂਕ ਨਿਯਮਾਂ ਦਾ ਆਪਣੇ ਮੁਤਾਬਕ ਇਸਤੇਮਾਲ ਕਰਦੇ ਹੋਏ ਇਹ ਕਹਿ ਰਹੇ ਹਨ ਕਿ ਪੇਮੈਂਟਸ 'ਤੇ ਕੋਈ ਚਾਰਜ ਨਹੀਂ ਲੱਗੇਗਾ ਪਰ ਫੰਡ ਟਰਾਂਸਫਰ 'ਤੇ ਫੀਸ ਲਈ ਜਾਵੇਗੀ।

ਹਾਲਾਂਕਿ ਆਰ. ਬੀ. ਆਈ. ਪੇਮੈਂਟਸ ਸਿਸਟਮ ਰੈਗੂਲੇਟਰ ਹੈ, ਯੂ. ਪੀ. ਆਈ. ਪਲੇਟਫਾਰਮ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐੱਨ. ਪੀ. ਸੀ. ਆਈ.) ਵੱਲੋਂ ਪ੍ਰਦਾਨ ਕੀਤਾ ਗਿਆ ਹੈ। ਰਿਪੋਰਟ ਮੁਤਾਬਕ, ਬੈਂਕਾਂ ਦਾ ਕਹਿਣਾ ਹੈ ਕਿ ਮੁਫਤ ਟ੍ਰਾਂਜੈਕਸ਼ਨਾਂ ਨੂੰ 20 ਤੱਕ ਸੀਮਤ ਕਰਨ ਦਾ ਫੈਸਲਾ ਐੱਨ. ਪੀ. ਸੀ. ਆਈ. ਨਾਲ ਬੈਂਕਾਂ ਦੀ 14 ਫਰਵਰੀ, 2020 ਨੂੰ ਹੋਈ ਮੀਟਿੰਗ 'ਚ ਲਿਆ ਗਿਆ ਸੀ, ਜਿੱਥੇ ਐੱਨ. ਪੀ. ਸੀ. ਆਈ. ਦੀ ਯੂ. ਪੀ. ਆਈ. ਸਟੀਰਿੰਗ ਕਮੇਟੀ ਨੇ ਮੁਫਤ ਪੀ-2-ਪੀ ਫੰਡ ਟਰਾਂਸਫਰ ਲੈਣ-ਦੇਣ ਨੂੰ 20 ਪ੍ਰਤੀ ਮਹੀਨਾ ਸੀਮਿਤ ਕਰਨ ਲਈ ਸਹਿਮਤੀ ਦਿੱਤੀ ਸੀ।


Sanjeev

Content Editor

Related News