ਹੁਣ ਪਵਨਹੰਸ ਦੀ ਵੀ ਹਾਲਤ ਹੋਈ ਪਤਲੀ, ਸਟਾਫ ਦੀ ਰੁਕੀ ਤਨਖਾਹ

04/28/2019 11:21:42 AM

ਨਵੀਂ ਦਿੱਲੀ— ਕਿੰਗਫਿਸ਼ਰ ਤੇ ਜੈੱਟ ਏਅਰਵੇਜ਼ ਤੋਂ ਬਾਅਦ ਹੁਣ ਪਵਨਹੰਸ ਹੈਲੀਕਾਪਟਰ ਕੰਪਨੀ ਸੰਕਟ 'ਚ ਹੈ। ਇਸ ਸਰਕਾਰੀ ਕੰਪਨੀ ਦੀ ਮਾਲੀ ਹਾਲਤ ਖਸਤਾ ਹੋ ਗਈ ਹੈ। ਸਟਾਫ ਨੂੰ ਤਨਖਾਹ ਦੇਣ ਤਕ ਦੇ ਪੈਸੇ ਨਹੀਂ ਬਚੇ ਹਨ।

 

ਰਿਪੋਰਟਾਂ ਮੁਤਾਬਕ, ਪਵਨਹੰਸ ਨੂੰ ਸਾਲ 2018-19 'ਚ ਤਕਰੀਬਨ 89 ਕਰੋੜ ਰੁਪਏ ਦਾ ਘਾਟਾ ਹੋਇਆ ਹੈ ਤੇ ਉਸ 'ਤੇ ਕਰੋੜਾਂ ਦਾ ਕਰਜ਼ਾ ਵੀ ਹੈ। ਹੁਣ ਕੰਪਨੀ ਅਪ੍ਰੈਲ ਦੀ ਤਨਖਾਹ ਦੇਣ ਦੀ ਹਾਲਤ 'ਚ ਨਹੀਂ ਹੈ। ਪਿਛਲੇ ਸਾਲ ਸਰਕਾਰ ਨੇ ਪਵਨਹੰਸ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਸੀ ਪਰ ਸਫਲ ਨਹੀਂ ਹੋ ਸਕੀ। ਹੁਣ ਇਸ ਦੀ ਮਾਲੀ ਹਾਲਤ ਖਸਤਾ ਹੋਣ ਕਾਰਨ ਸਟਾਫ ਦੀ ਪ੍ਰੇਸ਼ਾਨੀ ਵਧ ਗਈ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਦਿੱਲੀ 'ਚ ਰੋਹਿਣੀ ਹੈਲੀਪੋਰਟ ਬਣਾਉਣ 'ਤੇ ਕੰਪਨੀ ਨੇ 125 ਕਰੋੜ ਰੁਪਏ ਦਾ ਵੱਡਾ ਖਰਚ ਕੀਤਾ ਸੀ, ਸ਼ੁਰੂ 'ਚ ਇਹ ਕੁੱਝ ਦਿਨ ਚਲਿਆ ਤੇ ਫਿਰ ਸ਼ਟਡਾਊਨ ਕਰ ਦਿੱਤਾ ਗਿਆ। ਕੰਪਨੀ ਦੀ ਮਾਲੀ ਹਾਲਤ ਖਰਾਬ ਹੋਣ ਦਾ ਇਹੀ ਵੀ ਇਕ ਵੱਡਾ ਕਾਰਨ ਹੈ ਕਿਉਂਕਿ ਇਸ ਹੈਲੀਪੋਰਟ ਤੋਂ ਕੋਈ ਕਮਾਈ ਨਹੀਂ ਹੋਈ, ਜਦੋਂ ਖਰਚ ਕਰੋੜਾਂ 'ਚ ਰਿਹਾ।

ਹਾਲਾਂਕਿ ਪਵਨਹੰਸ ਨੂੰ ਬਚਾਉਣ ਲਈ ਹਰ ਸੰਭਵ ਰਸਤੇ ਲੱਭੇ ਜਾ ਰਹੇ ਹਨ। ਇਸ ਲਈ ਪਵਨਹੰਸ ਨੇ ਖਰਚ 'ਚ ਕਟੌਤੀ ਵੀ ਸ਼ੁਰੂ ਕਰ ਦਿੱਤੀ ਹੈ। ਰਿਪੋਰਟਾਂ ਮੁਤਾਬਕ, ਕੰਪਨੀ ਨੇ ਓਵਰਟਾਈਮ ਬੰਦ ਕਰ ਦਿੱਤਾ ਹੈ। ਹੁਣ ਸਿਰਫ ਤਕਨੀਕੀ ਸਟਾਫ ਹੀ ਓਵਰਟਾਈਮ ਕਰ ਸਕਦਾ ਹੈ। ਪਵਨਹੰਸ ਫੰਡ ਜੁਟਾਉਣ ਦੀ ਕੋਸ਼ਿਸ਼ 'ਚ ਹੈ ਤਾਂ ਕਿ ਸਟਾਫ ਨੂੰ ਤਨਖਾਹ ਦੇਣ ਦੇ ਨਾਲ-ਨਾਲ ਬਾਕੀ ਕੰਮ ਵੀ ਬਿਨਾਂ ਰੁਕਾਵਟ ਚੱਲਦੇ ਰਹਿਣ। ਸੂਤਰਾਂ ਮੁਤਾਬਕ, ਹਵਾਬਾਜ਼ੀ ਖੇਤਰ 'ਚ ਇਕ ਹੋਰ ਪ੍ਰਾਈਵੇਟ ਜਹਾਜ਼ ਕੰਪਨੀ ਦੀ ਹਾਲਤ ਵੀ ਜਲਦ ਖਰਾਬ ਹੋਣ ਵਾਲੀ ਹੈ।