ਰੁਚੀ ਸੋਇਆ ਦਾ ਸੌਦਾ ਮੁਕੰਮਲ ਕਰਨ ਲਈ ਪਤੰਜਲੀ ਨੂੰ ਇਕ ਹਫਤੇ ਦਾ ਹੋਰ ਸਮਾਂ

12/17/2019 11:57:32 PM

ਨਵੀਂ ਦਿੱਲੀ,(ਭਾਸ਼ਾ)-ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਏ. ਟੀ.) ਨੇ ਬਾਬਾ ਰਾਮਦੇਵ ਦੀ ਅਗਵਾਈ ਵਾਲੇ ਪਤੰਜਲੀ ਆਯੁਰਵੇਦ ਨੂੰ ਕਰਜ਼ੇ ਦੇ ਬੋਝ ਹੇਠ ਦੱਬੀ ਖੁਰਾਕੀ ਤੇਲ ਕੰਪਨੀ ਰੁਚੀ ਸੋਇਆ ਨੂੰ 4350 ਕਰੋਡ਼ ਰੁਪਏ ’ਚ ਅਕਵਾਇਰ ਕਰਨ ਦਾ ਸੌਦਾ ਪੂਰਾ ਕਰਨ ਲਈ ਇਕ ਹਫਤੇ ਦੇ ਹੋਰ ਸਮਾਂ ਦੇ ਦਿੱਤਾ ਹੈ। ਜਸਟਿਸ ਐੱਸ. ਜੇ. ਮੁਖੋਪਾਧਿਆਏ ਦੀ ਪ੍ਰਧਾਨਗੀ ਵਾਲੇ ਐੱਨ. ਸੀ. ਐੱਲ. ਏ. ਟੀ. ਦੇ 3 ਮੈਂਬਰੀ ਬੈਂਚ ਨੇ ਪਤੰਜਲੀ ਆਯੁਰਵੇਦ ਦੀ ਅਰਜ਼ੀ ’ਤੇ ਸੌਦੇ ਨੂੰ ਪੂਰਾ ਕਰਨ ਦੀ ਸਮਾਂ ਹੱਦ 23 ਦਸੰਬਰ ਤੱਕ ਵਧਾ ਦਿੱਤੀ। ਇਸ ਤੋਂ ਪਹਿਲਾਂ ਅਪੀਲੇ ਟ੍ਰਿਬਿਊਨਲ ਨੇ ਸਮਾਂ ਹੱਦ ਨੂੰ ਵਧਾ ਕੇ 16 ਦਸੰਬਰ ਤੱਕ ਕੀਤਾ ਸੀ। ਅਪੀਲੇ ਟ੍ਰਿਬਿਊਨਲ ਨੇ ਇਸ ਮਾਮਲੇ ’ਚ ਇਹ ਵੀ ਛੋਟ ਦਿੱਤੀ ਹੈ ਕਿ ਜੇਕਰ ਤੈਅ ਸਮਾਂ ਹੱਦ ਦੇ ਅੰਦਰ ਪਤੰਜਲੀ ਆਯੁਰਵੇਦ ਰੁਚੀ ਸੋਇਆ ਦੇ ਸੌਦੇ ਦਾ ਭੁਗਤਾਨ ਕਰਨ ’ਚ ਨਾਕਾਮ ਰਹਿੰਦੀ ਹੈ ਤਾਂ ਕਰਜ਼ਦਾਤਾ ਵਾਪਸ ਟ੍ਰਿਬਿਊਨਲ ਕੋਲ ਜਾ ਸਕਦੇ ਹਨ। ਪਤੰਜਲੀ ਆਯੁਰਵੇਦ ਦੇ ਵਕੀਲ ਏ. ਐੱਸ. ਚਾਂਡਿਓਕ ਨੇ ਕਿਹਾ ਕਿ ਭੁਗਤਾਨ ਲਈ ਇਕ ਹਫ਼ਤੇ ਦਾ ਸਮਾਂ ਹੋਰ ਮਿਲਣ ਨਾਲ ਕੰਪਨੀ ਨੂੰ ਆਪਣੀ ਯੋਜਨਾ ਨੂੰ ਅਮਲੀਜਾਮਾ ਪੁਆਉਣ ’ਚ ਮਦਦ ਮਿਲੇਗੀ। ਕੰਪਨੀ ਕਰਜ਼ਦਾਤਿਆਂ ਨਾਲ ਸਮਝੌਤੇ ’ਤੇ ਹਸਤਾਖਰ ਪਹਿਲਾਂ ਹੀ ਕਰ ਚੁੱਕੀ ਹੈ। ਰੁਚੀ ਸੋਇਆ ਨੂੰ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਦੀ ਕਮੇਟੀ ਨੇ ਇਸ ਤੋਂ ਪਹਿਲਾਂ 30 ਅਪ੍ਰੈਲ ਨੂੰ ਪਤੰਜਲੀ ਸਮੂਹ ਦੀ ਰੁਚੀ ਸੋਇਆ ਨੂੰ 4350 ਕਰੋਡ਼ ਰੁਪਏ ’ਚ ਅਕਵਾਇਰ ਕਰਨ ਦੀ ਯੋਜਨਾ ਨੂੰ ਸਵੀਕਾਰ ਕੀਤਾ ਸੀ।


Karan Kumar

Content Editor

Related News