ਕੋਰੋਨਾ ਦੀ ਮਾਰ : ਜੂਨ ''ਚ ਕਾਰਾਂ ਦੀ ਵਿਕਰੀ ਘਟ ਕੇ ਹੋਈ ਅੱਧੀ

07/15/2020 2:14:08 AM

ਨਵੀਂ ਦਿੱਲੀ–ਕੋਰੋਨਾ ਸੰਕਟ ਅਤੇ ਉਸ ਤੋਂ ਬਚਾਅ ਲਈ ਲਗਾਏ ਗਏ ਲਾਕਡਾਊਨ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਆਟੋ ਕੰਪਨੀਆਂ ਦੇ ਕਾਰੋਬਾਰ 'ਚ ਹੁਣ ਸੁਧਾਰ ਹੋਣ ਲੱਗਾ ਹੈ। ਕੋਰੋਨਾ ਦੀ ਮਾਰ ਕਾਰਣ ਜੂਨ 'ਚ ਦੇਸ਼ 'ਚ ਕਾਰਾਂ ਦੀ ਵਿਕਰੀ ਪਿਛਲੇ ਸਾਲ ਦੇ ਮੁਕਾਬਲੇ ਲਗਭਗ ਅੱਧੀ ਰਹਿ ਗਈ ਜਦੋਂ ਕਿ ਅਪ੍ਰੈਲ ਅਤੇ ਮਈ ਦੀ ਤੁਲਨਾ 'ਚ ਇਸ 'ਚ ਤੇਜ਼ੀ ਰਹੀ। ਵਾਹਨ ਨਿਰਮਾਤਾਵਾਂ ਦੇ ਸੰਗਠਨ ਸੋਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨਿਊਫੈਕਚਰਸ (ਸਿਆਮ) ਵਲੋਂ ਅੱਜ ਮੰਗਲਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਦੇਸ਼ 'ਚ ਯਾਤਰੀ ਵਾਹਨਾਂ ਦੀ ਵਿਕਰੀ ਜੂਨ 'ਚ ਇਕ ਸਾਲ ਪਹਿਲਾਂ ਦੀ ਤੁਲਨਾ 'ਚ 49.59 ਫੀਸਦੀ ਘਟ ਕੇ 105617 ਇਕਾਈ ਰਹੀ।

ਪਿਛਲੇ ਸਾਲ ਜੂਨ 'ਚ 209522 ਯਾਤਰੀ ਵਾਹਨਾਂ ਦੀ ਵਿਕਰੀ ਹੋਈ ਸੀ। ਸਿਆਮ ਮੁਤਾਬਕ ਜੂਨ 'ਚ ਦੋ ਪਹੀਆ ਵਾਹਨਾਂ ਦੀ ਵਿਕਰੀ 38.56 ਫੀਸਦੀ ਘਟ ਕੇ 1013431 ਇਕਾਈ ਰਹੀ ਜੋ ਕਿ ਇਕ ਸਾਲ ਪਹਿਲਾਂ ਇਸੇ ਮਹੀਨੇ 'ਚ 1649475 ਰਹੀ ਸੀ। ਦੋ ਪਹੀਆ ਵਾਹਨਾਂ 'ਚ ਮੋਟਰਸਾਈਕਲ ਦੀ ਵਿਕਰੀ ਜੂਨ 2020 'ਚ 702970 ਇਕਾਈ ਰਹੀ ਜਦੋਂ ਕਿ ਸਾਲ ਪਹਿਲਾਂ ਇਸੇ ਮਹੀਨੇ 'ਚ 1084596 ਮੋਟਰਸਾਈਕਲ ਵੇਚੇ ਗਏ ਸਨ। ਇਹ 35.19 ਫੀਸਦੀ ਦੀ ਗਿਰਾਵਟ ਰਹੀ। ਸੰਗਠਨ ਦੇ ਪ੍ਰਧਾਨ ਰੰਜਨ ਵਾਧਵਾ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਣ ਦੇਸ਼ ਭਰ 'ਚ ਲਗਾਏ ਗਏ ਲਾਕਡਾਊਨ ਦੇ ਪ੍ਰਭਾਵ 'ਚੋਂ ਵਾਹਨ ਖੇਤਰ ਹੁਣ ਹੌਲੀ-ਹੌਲੀ ਬਾਹਰ ਨਿਕਲਣ ਦਾ ਯਤਨ ਕਰ ਰਿਹਾ ਹੈ। ਪੂਰੇ ਦੇਸ਼ 'ਚ ਆਟੋ ਮੋਬਾਈਲ ਉਦਯੋਗ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ 'ਚ ਲਗਭਗ 3.7 ਕਰੋੜ ਲੱਗੇ ਹੋਏ ਹਨ।


Karan Kumar

Content Editor

Related News