ਮੋਬਾਇਲ ''ਚ ਹੋਵੇਗਾ ਅਜਿਹਾ ਬਟਨ, ਦਬਾਉਂਦੇ ਹੀ ਪਹੁੰਚ ਜਾਵੇਗੀ ਪੁਲਸ

02/11/2019 8:17:35 AM

ਨਵੀਂ ਦਿੱਲੀ— ਹੁਣ ਮੁਸੀਬਤ 'ਚ ਫਸੀਆਂ ਔਰਤਾਂ ਤੇ ਬੱਚਿਆਂ ਨੂੰ ਤੁਰੰਤ ਮਦਦ ਮਿਲੇਗੀ। ਮੋਦੀ ਸਰਕਾਰ ਇਸ ਲਈ ਇਤਿਹਾਸਕ ਡਿਜੀਟਲ ਕਦਮ ਚੁੱਕਣ ਜਾ ਰਹੀ ਹੈ।19 ਫਰਵਰੀ ਤੋਂ ਹਰ ਮੋਬਾਇਲ ਫੋਨ 'ਚ ਪੈਨਿਕ ਬਟਨ ਲਾਜ਼ਮੀ ਹੋਵੇਗਾ।ਔਰਤਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਵਾਲੀ ਇਹ ਸਹੂਲਤ ਪੂਰੇ ਦੇਸ਼ 'ਚ ਉਪਲੱਬਧ ਹੋਵੇਗੀ। ਮੌਜੂਦਾ ਸਮੇਂ ਬਾਜ਼ਾਰ 'ਚ ਵਿਕ ਰਹੇ ਕੁਝ ਸਮਾਰਟ ਫੋਨ ਪੈਨਿਕ ਬਟਨ ਦੇ ਨਾਲ ਆਉਂਦੇ ਹਨ ਪਰ ਜਲਦ ਹੀ ਹਰ ਮੋਬਾਇਲ 'ਚ ਇਹ ਸੁਵਿਧਾ ਨਾਲ ਹੀ ਹੋਵੇਗੀ। ਇਹ ਇਕ ਅਜਿਹਾ ਬਟਨ ਹੋਵੇਗਾ ਜਿਸ ਜ਼ਰੀਏ ਕਿਸੇ ਵੀ ਸੰਕਟ ਦੀ ਸਥਿਤੀ 'ਚ ਸੰਕਟਕਾਲੀਨ ਨੰਬਰਾਂ 'ਤੇ ਬਹੁਤ ਹੀ ਅਸਾਨੀ ਨਾਲ ਫੋਨ ਕੀਤਾ ਜਾ ਸਕੇਗਾ। ਤਕਰੀਬਨ 3 ਸਾਲ ਪਹਿਲਾਂ ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ਨੇ ਇਸ ਦਾ ਪ੍ਰਸਤਾਵ ਪੇਸ਼ ਕੀਤਾ ਸੀ, ਜੋ ਹੁਣ ਲਾਗੂ ਹੋਣ ਜਾ ਰਿਹਾ ਹੈ।
 

ਇੰਝ ਕਰੇਗਾ ਇਹ ਕੰਮ
ਔਰਤਾਂ ਨੂੰ ਕਿਸੇ ਵੀ ਰਾਜ 'ਚ ਸਫਰ ਦੌਰਾਨ ਸੁਰੱਖਿਆ ਜਾਂ ਸਿਹਤ ਸੰਬੰਧੀ ਕੋਈ ਵੀ ਮੁਸ਼ਕਲ ਆਏ ਤਾਂ ਉਹ ਆਪਣੇ ਫੋਨ ਤੋਂ 112 ਨੰਬਰ (ਪੈਨਿਕ ਬਟਨ) ਨੂੰ ਡਾਇਲ ਕਰ ਕੇ ਪੁਲਸ ਦੀ ਮਦਦ ਮੰਗ ਸਕਦੀਆਂ ਹਨ।ਇਸ ਨੰਬਰ ਨੂੰ ਦਬਾਉਂਦੇ ਹੀ ਨਜ਼ਦੀਕੀ ਪੁਲਸ ਦੀ ਮੋਬਾਇਲ ਵੈਨ ਨੂੰ ਆਟੋਮੈਟਿਕ ਇਹ ਸੁਨੇਹਾ ਚਲਾ ਜਾਵੇਗਾ ਕਿ ਕਿਸ ਜਗ੍ਹਾ 'ਤੇ ਕੋਈ ਔਰਤ ਪ੍ਰੇਸ਼ਾਨੀ 'ਚ ਹੈ।ਪੈਨਿਕ ਬਟਨ ਨਾਲ ਮੁਸ਼ਕਲ ਹਾਲਤ 'ਚ ਮਦਦ ਲਈ ਔਰਤ ਨੇ ਆਪਣੇ ਜਿਨ੍ਹਾਂ 5 ਕਰੀਬੀਆਂ ਦਾ ਫੋਨ ਨੰਬਰ ਰੱਖਿਆ ਹੋਵੇਗਾ, ਉਨ੍ਹਾਂ ਨੂੰ ਵੀ ਸੁਨੇਹਾ ਮਿਲ ਜਾਵੇਗਾ।

ਮੰਤਰਾਲਾ ਨੇ ਨਿਰਭਯਾ ਫੰਡ 'ਚੋਂ ਦਿੱਤੇ 321 ਕਰੋੜ ਰੁਪਏ 
ਇਸ ਸਿਸਟਮ ਨੂੰ ਖੜ੍ਹਾ ਕਰਨ ਲਈ ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ਨੇ ਨਿਰਭਯਾ ਫੰਡ ਤੋਂ 321 ਕਰੋੜ ਰੁਪਏ ਦਿੱਤੇ ਹਨ।ਪੈਨਿਕ ਬਟਨ ਦਾ ਇਕ ਰਾਜ 'ਚ ਪ੍ਰਯੋਗ ਕਰ ਕੇ ਵਿਹਾਰਕ ਮੁਸ਼ਕਲਾਂ ਨੂੰ ਸਮਝਿਆ ਗਿਆ।ਪ੍ਰਯੋਗ ਸਫਲ ਰਿਹਾ, ਫਿਰ ਵੀ ਕੁਝ ਸਮੱਸਿਆਵਾਂ ਬਣੀਆਂ ਰਹੀਆਂ।ਮਹਿਲਾ ਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਇਸ ਨੂੰ ਉਦੋਂ ਲਾਭਦਾਇਕ ਮੰਨੇਗੀ, ਜਦੋਂ ਇਹ ਸਾਰੇ ਸੂਬਿਆਂ 'ਚ ਕੰਮ ਕਰਨ ਲੱਗੇਗਾ।