2000 ਰੁਪਏ ਦੇ ਨੋਟਾਂ ’ਚ 50,000 ਤੋਂ ਵੱਧ ਕੈਸ਼ ਜਮ੍ਹਾ ਕਰਨ ’ਤੇ ਦੇਣਾ ਹੋਵੇਗਾ ਪੈਨ, ਜਾਣੋ RBI ਵਲੋਂ ਹੋਰ ਸਵਾਲਾਂ ਦੇ

05/23/2023 10:29:50 AM

ਨਵੀਂ ਦਿੱਲੀ (ਭਾਸ਼ਾ) – ਬਾਜ਼ਾਰ ’ਚੋਂ 2000 ਰੁਪਏ ਦੇ ਨੋਟ ਵਾਪਸੀ ’ਤੇ ਸੋਮਵਾਰ ਨੂੰ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਆਮ ਲੋਕਾਂ ਦੇ ਮਨਾਂ ’ਚ ਉੱਠ ਰਹੇ ਕਈ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਨੇ ਕਿਹਾ ਕਿ 2000 ਰੁਪਏ ਦੇ ਨੋਟ ਲੀਗਲ ਟੈਂਡਰ ਹੈ। ਯਾਨੀ ਇਸ ਨੋਟ ਦੇ ਮੁੱਲ ਦੀ ਗਾਰੰਟੀ ਆਰ. ਬੀ. ਆਈ. ਹਾਲੇ ਵੀ ਲੈ ਰਿਹਾ ਹੈ। ਇਸ ਨੋਟ ਨਾਲ ਲੋਕ 30 ਸਤੰਬਰ ਤੱਕ ਆਸਾਨੀ ਨਾਲ ਖਰੀਦਦਾਰੀ ਕਰ ਸਕਦੇ ਹਨ। ਕਿਸੇ ਵੀ ਹਫੜਾ-ਤਫੜੀ ਤੋਂ ਬਚਣ ਦੀ ਸਲਾਹ ਦਿੰਦੇ ਹੋਏ ਆਰ. ਬੀ. ਆਈ. ਨੇ ਕਿਹਾ ਕਿ ਨੋਟਾਂ ਦੀ ਬਦਲੀ ਭਲਕੇ 23 ਮਈ ਤੋਂ ਸ਼ੁਰੂ ਹੋ ਕੇ 30 ਸਤੰਬਰ ਨੂੰ ਬੰਦ ਹੋਵੇਗੀ। ਯਾਨੀ ਲੋਕਾਂ ਕੋਲ 4 ਮਹੀਨੇ ਦਾ ਬਹੁਤ ਜ਼ਿਆਦਾ ਸਮਾਂ ਹੈ। ਉਹ ਇਸ ਮਿਆਦ ’ਚ ਆਸਾਨੀ ਨਾਲ ਆਪਣੇ 2000 ਰੁਪਏ ਦੇ ਨੋਟ ਬਦਲ ਸਕਦੇ ਹਨ। ਹਾਲਾਂਕਿ ਜੇਕਰ ਛੋਟੇ ਦੁਕਾਨਦਾਰ ਨਹੀਂ ਲੈਂਦੇ ਹਨ ਤਾਂ ਉਹ ਇਸ ਮਾਮਲੇ ’ਚ ਕੁੱਝ ਨਹੀਂ ਕਰ ਸਕਦੇ ਹਨ। ਇਹ ਪਹਿਲਾਂ ਵੀ ਰਿਹਾ ਹੈ ਕਿ ਛੋਟੇ ਦੁਕਾਨਦਾਰ ਪ੍ਰਚੂਨ ਦੀ ਘਾਟ ਕਾਰਣ ਇਸ ਵੱਡੇ ਮੁੱਲ ਦੇ ਨੋਟ ਨਹੀਂ ਲੈ ਸਕਦੇ ਹਨ। ਤੁਹਾਨੂੰ ਦੱਸ ਦਈਏ ਕਿ ਬਾਜ਼ਾਰ ’ਚ ਕਰੀਬ 3.62 ਲੱਖ ਕਰੋੜ ਮੁੱਲ ਦੇ 2000 ਰੁਪਏ ਦੇ ਨੋਟ ਹਾਲੇ ਰਵਾਇਤ ’ਚ ਹਨ।

ਇਹ ਵੀ ਪੜ੍ਹੋ : 2000 ਦੇ ਨੋਟ ਬਦਲਣ ਲਈ 15% ਤੱਕ ਮਹਿੰਗਾ ਸੋਨਾ ਖ਼ਰੀਦ ਰਹੇ ਲੋਕ

ਦਾਸ ਨੇ ਕਿਹਾ ਕਿ ਅਜਿਹਾ ਪਹਿਲਾਂ ਵੀ ਕੀਤਾ ਜਾ ਚੁੱਕਾ ਹੈ ਜਦੋਂ ਇਕ ਵਾਰ ’ਚ 10 ਨੋਟ ਬਦਲਣ ਦੀ ਹੀ ਸਹੂਲਤ ਦਿੱਤੀ ਗਈ ਸੀ। ਇਸ ਤੋਂ ਵੱਧ ਨੋਟ ਲੋਕ ਆਪਣੇ ਬੈਂਕ ਖਾਤੇ ’ਚ ਜਮ੍ਹਾ ਕਰ ਸਕਦੇ ਹਨ। ਇਕ ਪੱਤਰਕਾਰ ਵਲੋਂ ਪੁੱਛੇ ਗਏ ਸਵਾਲ ’ਚ ਕਿ ਜੇਕਰ ਕੋਈ ਵਿਅਕਤੀ 50 ਤੋਂ ਵੱਧ ਮੁੱਲ ਦੇ 2000 ਰੁਪਏ ਦੇ ਨੋਟ ਜਮ੍ਹਾ ਕਰਦਾ ਹੈ ਤਾਂ ਕੀ ਉਸ ਦੀ ਪੜਤਾਲ ਹੋਵੇਗੀ। ਇਸ ’ਤੇ ਉਨ੍ਹਾਂ ਨੇ ਕਿਹਾ ਕਿ ਆਰ. ਬੀ. ਆਈ. ਕੋਈ ਪੜਤਾਲ ਨਹੀਂ ਕਰੇਗਾ। ਬੈਂਕ ’ਚ ਪਹਿਲਾਂ ਤੋਂ ਹੀ ਨਿਯਮ ਹੈ ਕਿ ਜੇ ਤੁਸੀਂ 50 ਹਜ਼ਾਰ ਤੋਂ ਵੱਧ ਕੈਸ਼ ਜਮ੍ਹਾ ਕਰਦੇ ਹੋ ਤਾਂ ਪੈਨ ਨੰਬਰ ਦੇਣਾ ਹੁੰਦਾ ਹੈ। ਆਰ. ਬੀ. ਆਈ. ਦੇ ਨਿਯਮ ਮੁਤਾਬਕ ਤੁਸੀਂ ਇਕ ਦਿਨ ’ਚ 50,000 ਰੁਪਏ ਅਤੇ ਸਾਲ ’ਚ 20 ਲੱਖ ਰੁਪਏ ਤੱਕ ਦਾ ਕੈਸ਼ ਆਪਣੇ ਖਾਤੇ ’ਚ ਜਮ੍ਹਾ ਕਰਵਾ ਸਕਦੇ ਹੋ। ਇਸ ਤੋਂ ਵੱਧ ਦੇਣ ’ਤੇ ਪੈਨ ਨੰਬਰ ਦੇਣਾ ਹੋਵੇਗਾ।

ਇਹ ਵੀ ਪੜ੍ਹੋ : ਗੌਤਮ ਅਡਾਨੀ ਦੇ ਸਾਰੇ ਸ਼ੇਅਰਾਂ 'ਚ ਤੂਫਾਨੀ ਵਾਧਾ, ਕਲੀਨ ਚਿੱਟ ਮਿਲਣ ਤੋਂ ਬਾਅਦ 4 'ਚ ਲੱਗਾ ਅੱਪਰ ਸਰਕਟ

ਬੈਂਕ ਅਤੇ ਇਨਕਮ ਟੈਕਸ ਵਿਭਾਗ ਕਰਨਗੇ ਆਪਣਾ ਕੰਮ

ਜੇ ਕੋਈ ਵਿਅਕਤੀ 2000 ਰੁਪਏ ਦੇ ਨੋਟ ’ਚ ਵੱਡੀ ਰਕਮ ਜਮ੍ਹਾ ਕਰਦਾ ਹੈ ਤਾਂ ਕੀ ਹੋਵੇਗਾ? ਇਸ ਸਵਾਲ ਦਾ ਜਵਾਬ ਦਿੰਦੇ ਹੋਏ ਆਰ. ਬੀ. ਆਈ. ਗਵਰਨਰ ਨੇ ਕਿਹਾ ਕਿ ਬੈਂਕ ਅਤੇ ਇਨਕਮ ਟੈਕਸ ਵਿਭਾਗ ਆਪਣਾ ਕੰਮ ਕਰਨਗੇ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਸੇ ਵੀ ਖਾਤੇ ’ਚ ਵੱਡੀ ਰਕਮ ਜਮ੍ਹਾ ਹੋਣ ’ਤੇ ਬੈਂਕ ਇਸ ਦੀ ਜਾਣਕਾਰੀ ਇਨਕਮ ਟੈਕਸ ਵਿਭਾਗ ਨਾਲ ਸਾਂਝੀ ਕਰਦੇ ਹਨ। ਫਿਰ ਇਨਕਮ ਟੈਕਸ ਵਿਭਾਗ ਆਪਣਾ ਅਸੈੱਸਮੈਂਟ ਕਰਦਾ ਹੈ। ਜੇ ਉਸ ਨੂੰ ਕੁੱਝ ਗਲਤ ਲਗਦਾ ਹੈ ਤਾਂ ਉਹ ਕਾਰਵਾਈ ਕਰਦਾ ਹੈ। ਇਸ ਮਾਮਲੇ ’ਚ ਵੀ ਬੈਂਕ ਅਤੇ ਇਨਕਮ ਟੈਕਸ ਵਿਭਾਗ ਉਸੇ ਨਿਯਮ ਨੂੰ ਫਾਲੋ ਕਰਨਗੇ। ਕੋਈ ਨਵਾਂ ਨਿਯਮ ਲਾਗੂ ਨਹੀਂ ਕੀਤਾ ਗਿਆ ਹੈ।

30 ਸਤੰਬਰ ਤੋਂ ਬਾਅਦ ਕੀ ਵਧ ਸਕਦੀ ਹੈ ਡੈੱਡਲਾਈਨ?

2000 ਰੁਪਏ ਦੇ ਨੋਟ ਬੈਂਕ ’ਚ ਜਮ੍ਹਾ ਕਰਨ ਦੀ ਆਖਰੀ ਮਿਤੀ 30 ਸਤੰਬਰ ਤੈਅ ਕੀਤੀ ਗਈ ਹੈ। ਇਸ ’ਤੇ ਜਵਾਬ ਦਿੰਦੇ ਹੋਏ ਆਰ. ਬੀ. ਆਈ. ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਮਿਤੀ ਤੱਕ ਸਾਰੇ ਨੋਟ ਬੈਂਕ ਕੋਲ ਆ ਜਾਣਗੇ। ਜੇ ਨਹੀਂ ਆਉਣਗੇ ਅਤੇ ਅਜਿਹੇ ਲੋਕ ਜੋ ਵਿਦੇਸ਼ ’ਚ ਹਨ ਅਤੇ ਨਹੀਂ ਆ ਸਕਦੇ ਹਨ, ਉਨ੍ਹਾਂ ਲਈ ਵਿਚਾਰ ਕੀਤਾ ਜਾਏਗਾ। ਇਸ ਤੋਂ ਇਸ ਗੱਲ ਦੇ ਸੰਕੇਤ ਮਿਲੇ ਹਨ ਕਿ ਆਮ ਲੋਕਾਂ ਲਈ ਨੋਟ ਬਦਲਣ ਦੀ ਮਿਤੀ ਨੂੰ ਸ਼ਾਇਦ ਹੀ ਅੱਗੇ ਵਧਾਇਆ ਜਾਏ। ਹਾਂ ਕੁੱਝ ਸਪੈਸ਼ਲ ਮਾਮਲਿਆਂ ’ਚ ਆਰ. ਬੀ. ਆਈ. ਰਾਹਤ ਦੇ ਸਕਦਾ ਹੈ।

ਇਹ ਵੀ ਪੜ੍ਹੋ : 2,000 ਦੇ ਨੋਟਾਂ ਕਾਰਨ ਸੋਨੇ ਦੀ ਖ਼ਰੀਦ ਲਈ ਪੁੱਛਗਿੱਛ ਵਧੀ, ਸਖ਼ਤ ਨਿਯਮਾਂ ਨੇ ਵਧਾਈ ਚਿੰਤਾ

ਨੋਟ ਬਦਲਣ ਆਏ ਲੋਕਾਂ ਲਈ ‘ਸ਼ੈੱਡ’ ਅਤੇ ਪਾਣੀ ਦੀ ਵਿਵਸਥਾ ਕਰਨ ਬੈਂਕ

ਆਰ. ਬੀ. ਆਈ. ਨੇ ਬੈਂਕਾਂ ਨੂੰ ਸਲਾਹ ਦਿੱਤੀ ਹੈ ਕਿ ਹ 2000 ਰੁਪਏ ਦਾ ਨੋਟ ਬਦਲਣ ਜਾਂ ਜਮ੍ਹਾ ਕਰਨ ਆਏ ਲੋਕਾਂ ਨੂੰ ਧੁੱਪ ਤੋਂ ਬਚਾਉਣ ਲਈ ‘ਸ਼ੈੱਡ’ ਦਾ ਇੰਤਜ਼ਾਮ ਕਰੋ। ਨਾਲ ਹੀ ਲਾਈਨ ’ਚ ਲੱਗੇ ਲੋਕਾਂ ਲਈ ਪੀਣ ਵਾਲੇ ਪਾਣੀ ਦੀ ਵਿਵਸਥਾ ਕੀਤੀ ਜਾਏ। ਜ਼ਿਕਰਯੋਗ ਹੈ ਕਿ 2016 ਵਿਚ ਨੋਟਬੰਦੀ ਦੌਰਾਨ ਬੈਂਕਾਂ ’ਚ ਨੋਟ ਬਦਲਣ ਲਈ ਲਾਈਨਾਂ ਲੱਗੀਆਂ ਸਨ ਅਤੇ ਦੋਸ਼ ਹੈ ਕਿ ਇਸ ਦੌਰਾਨ ਕਈ ਗਾਹਕਾਂ ਦੀ ਮੌਤ ਵੀ ਹੋ ਗਈ ਸੀ। ਬੈਂਕਾਂ ਨੂੰ ਨੋਟ ਬਦਲਣ ਦੀ ਸਹੂਲਤ ਆਮ ਤਰੀਕੇ ਨਾਲ ਕਾਊਂਟਰ ’ਤੇ ਮੁਹੱਈਆ ਕਰਵਾਉਣ ਨੂੰ ਕਿਹਾ ਗਿਆ ਹੈ। ਇਸ ਤੋਂ ਇਲਾਵਾ ਬੈਂਕਾਂ ਨੂੰ ਰੋਜ਼ਾਨਾ ਜਮ੍ਹਾ ਕੀਤੇ ਜਾਣ ਵਾਲੇ ਅਤੇ ਬਦਲੇ ਜਾਣ ਵਾਲੇ 2000 ਦੇ ਨੋਟਾਂ ਦਾ ਵੇਰਵਾ ਰੱਖਣ ਨੂੰ ਕਿਹਾ ਗਿਆ ਹੈ।

1000 ਰੁਪਏ ਦੇ ਨੋਟ ਨੂੰ ਮੁੜ ਲਿਆਉਣ ਦਾ ਕੋਈ ਪ੍ਰਸਤਾਵ ਨਹੀਂ

ਆਰ. ਬੀ. ਆਈ. ਗਵਰਨਰ ਨੇ ਇਸ ਬਾਰੇ ਸਪੱਸ਼ਟ ਕਰ ਦਿੱਤਾ ਹੈ ਕਿ 1000 ਰੁਪਏ ਦੇ ਨੋਟ ਨੂੰ ਮੁੜ ਲਿਆਉਣ ਦੀ ਕੋਈ ਯੋਜਨਾ ਨਹੀਂ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ 1000 ਰੁਪਏ ਦੇ ਨੋਟਾਂ ਨੂੰ ਮੁੜ ਸਿਸਟਮ ’ਚ ਲਿਆਉਣ ਦੀ ਸੰਭਾਵਨਾ ਹੈ ਤਾਂ ਦਾਸ ਨੇ ਜਵਾਬ ’ਚ ਕਿਹਾ ਕਿ ਇਹ ਸਭ ਅਟਕਲਾਂ ਹਨ। ਅਜਿਹਾ ਕੋਈ ਪ੍ਰਸਤਾਵ ਨਹੀਂ ਹੈ। 1000 ਅਤੇ 500 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਤੋਂ ਬਾਅਦ ਰਾਤੋ-ਰਾਤ 10 ਲੱਖ ਕਰੋੜ ਰੁਪਏ ਗਾਇਬ ਹੋ ਗਏ ਸਨ। ਇਸ ਦੀ ਭਰਪਾਈ ਲਈ 2000 ਰੁਪਏ ਦੇ ਨੋਟਾਂ ਨੂੰ ਲਿਆਂਦਾ ਗਿਆ ਸੀ।

ਇਹ ਵੀ ਪੜ੍ਹੋ : ਦੁਨੀਆ ’ਚ ਵੱਜੇਗਾ ਭਾਰਤੀ ਸਾਮਾਨ ਦਾ ਡੰਕਾ, ਹਰ ਸਾਲ 10 ਅਰਬ ਡਾਲਰ ਦਾ ਮਾਲ ਖਰੀਦੇਗੀ ਵਾਲਮਾਰਟ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur