ਪਾਮ ਤੇਲ ਦੇ ਇੰਪੋਰਟ ''ਚ ਗਿਰਾਵਟ, ਹੋ ਸਕਦੈ ਮਹਿੰਗਾ

08/18/2018 12:45:05 PM

ਮੁੰਬਈ— ਸਾਲ 2017-18 ਦੇ ਮਾਰਕੀਟਿੰਗ ਸਾਲ ਦੌਰਾਨ ਭਾਰਤ ਦੇ ਪਾਮ ਤੇਲ ਇੰਪੋਰਟ 'ਚ ਪਿਛਲੇ ਸਾਲ ਦੇ ਮੁਕਾਬਲੇ 15 ਫੀਸਦੀ ਗਿਰਾਵਟ ਦੇ ਆਸਾਰ ਹਨ, ਜੋ 6 ਸਾਲ ਦਾ ਸਭ ਤੋਂ ਘੱਟ ਪੱਧਰ ਹੈ। ਇੰਪੋਰਟ ਡਿਊਟੀ 'ਚ ਵਾਧਾ, ਰੁਪਏ 'ਚ ਕਮਜ਼ੋਰੀ ਅਤੇ ਖਰੀਦਦਾਰਾਂ ਲਈ ਕਰਜ਼ੇ ਦੀ ਤੰਗੀ ਕਾਰਨ ਅਜਿਹਾ ਹੋ ਸਕਦਾ ਹੈ ਕਿ ਇਸ ਦੀ ਦਰਾਮਦ ਘਟ ਰਹੇ ਅਤੇ ਭਾਰਤ 'ਚ ਇਸ ਦੀ ਕੀਮਤ ਵਧ ਜਾਵੇ। ਹਾਲਾਂਕਿ ਭਾਰਤ ਵੱਲੋਂ ਦਰਾਮਦ ਘਟਾਉਣ ਨਾਲ ਕੌਮਾਂਤਰੀ ਬਾਜ਼ਾਰ ਇਸ ਦੀਆਂ ਕੀਮਤਾਂ 'ਤੇ ਦਬਾਅ ਵਧ ਸਕਦਾ ਹੈ, ਜੋ ਪਹਿਲਾਂ ਹੀ ਤਿੰਨ ਸਾਲਾਂ ਦੇ ਹੇਠਲੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਭਾਰਤ 'ਚ ਸਮੋਸੇ ਜਾਂ ਭੁਜੀਏ ਵਰਗੇ ਪਦਾਰਥਾਂ ਨੂੰ ਤਲਣ 'ਚ ਇਸ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਕਾਰੋਬਾਰ ਨਾਲ ਜੁੜੇ ਇਕ ਕਾਰੋਬਾਰੀ ਨੇ ਕਿਹਾ ਕਿ ਇੰਪੋਰਟ ਡਿਊਟੀ ਵਧਣ ਅਤੇ ਡਾਲਰ ਮਹਿੰਗਾ ਹੋਣ ਨਾਲ ਸਥਾਨਕ ਕੀਮਤਾਂ 'ਚ ਵਾਧਾ ਹੋਇਆ ਹੈ, ਜਿਸ ਕਾਰਨ ਇੰਪੋਰਟ ਮੰਗ ਸੀਮਤ ਹੋਈ ਹੈ। ਭਾਰਤ ਨੇ ਸਥਾਨਕ ਕਿਸਾਨਾਂ ਦੀ ਸਹਾਇਤਾ ਲਈ ਮਾਰਚ 'ਚ ਰਿਫਾਇੰਡ ਪਾਮ ਤੇਲ 'ਤੇ ਇੰਪੋਰਟ ਡਿਊਟੀ ਵਧਾ ਕੇ 54 ਫੀਸਦੀ ਕਰ ਦਿੱਤਾ ਸੀ। ਇਸ ਨੇ ਸੋਇਆ ਤੇਲ, ਸੂਰਜਮੁਖੀ ਤੇਲ ਅਤੇ ਸਫੇਦ ਸਰਸੋਂ ਵਰਗੇ ਖੁਰਾਕੀ ਤੇਲਾਂ ਦੇ ਮੁਕਾਬਲੇ 'ਚ ਪਾਮ ਤੇਲ ਇੰਪੋਰਟ ਦਾ ਆਕਰਸ਼ਣ ਘਟ ਕਰ ਦਿੱਤਾ। ਇਨ੍ਹਾਂ ਜਿਣਸਾਂ 'ਤੇ ਜੂਨ 'ਚ ਇੰਪੋਰਟ ਡਿਊਟੀ ਵਧਾ ਕੇ 45 ਫੀਸਦੀ ਕੀਤੀ ਗਈ ਹੈ। ਭਾਰਤ ਇੰਡੋਨੇਸ਼ੀਆ ਅਤੇ ਮਲੇਸ਼ੀਆ ਤੋਂ ਪਾਮ ਤੇਲ ਖਰੀਦਦਾ ਹੈ, ਜਦੋਂ ਕਿ ਸੋਇਆ ਤੇਲ ਦੀ ਦਰਾਮਦ ਮੁੱਖ ਤੌਰ 'ਤੇ ਅਰਜਟੀਨਾ ਅਤੇ ਬ੍ਰਾਜ਼ੀਲ ਤੋਂ ਹੁੰਦੀ ਹੈ। ਸੂਰਜਮੁਖੀ ਤੇਲ ਯੂਕਰੇਨ ਤੋਂ ਖਰੀਦਿਆ ਜਾਂਦਾ ਹੈ। 1 ਨਵੰਬਰ ਨੂੰ ਸ਼ੁਰੂ ਹੋਏ 2017-18 ਦੇ ਮਾਰਕੀਟਿੰਗ ਸਾਲ ਦੇ ਪਹਿਲੇ ਨੌ ਮਹੀਨਿਆਂ 'ਚ ਭਾਰਤ ਦਾ ਪਾਮ ਤੇਲ ਇੰਪੋਰਟ 9.5 ਫੀਸਦੀ ਘਟ ਕੇ 61 ਲੱਖ ਟਨ ਰਿਹਾ ਹੈ।