ਪਾਮ ਆਇਲ ਦਾ ਆਯਾਤ 41 ਫੀਸਦੀ ਡਿੱਗਿਆ

07/18/2018 11:48:51 AM

ਮੁੰਬਈ - ਭਾਰਤ ਦੀ ਪਾਮ ਆਇਲ ਦਰਾਮਦ ਪਿਛਲੇ ਸਾਲ ਦੇ ਮੁਕਾਬਲੇ ਜੂਨ 'ਚ 41 ਫ਼ੀਸਦੀ ਡਿੱਗ ਕੇ ਸਾਢੇ 4 ਸਾਲ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ। ਉਦਯੋਗ ਦੀ ਇਕ ਪ੍ਰਮੁੱਖ ਸੰਸਥਾ ਨੇ ਇਹ ਜਾਣਕਾਰੀ ਦਿੱਤੀ। ਇਸ ਊਸ਼ਣਕਟੀਬੰਧੀ ਤੇਲ 'ਤੇ ਉੱਚੀ ਇੰਪੋਰਟ ਡਿਊਟੀ ਨੇ ਇਸ ਨੂੰ ਹੋਰ ਜ਼ਿਆਦਾ ਮਹਿੰਗਾ ਕਰ ਦਿੱਤਾ ਹੈ, ਜਿਸ ਦੀ ਵਜ੍ਹਾ ਨਾਲ ਇਹ ਗਿਰਾਵਟ ਆਈ ਹੈ। 
ਦੁਨੀਆ ਦੇ ਸਭ ਤੋਂ ਵੱਡੇ ਬਨਸਪਤੀ ਤੇਲ ਦਰਾਮਦਕਾਰ ਭਾਰਤ ਵੱਲੋਂ ਦਰਾਮਦ 'ਚ ਕਮੀ ਕੀਤੇ ਜਾਣ ਨਾਲ ਬੈਂਚਮਾਰਕ ਮਲੇਸ਼ੀਆਈ ਪਾਮ ਆਇਲ ਦੇ ਵਾਅਦਾ 'ਤੇ ਦਬਾਅ ਬਣ ਸਕਦਾ ਹੈ ਜੋ ਫਿਲਹਾਲ 3 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ 'ਤੇ ਚੱਲ ਰਿਹਾ ਹੈ।
ਜੁਲਾਈ ਤੋਂ ਸੁਧਾਰ ਦੇ ਆਸਾਰ
ਸਾਲਵੈਂਟ ਐਕਸਟ੍ਰੈਕਟਰਸ ਐਸੋਸੀਏਸ਼ਨ ਆਫ ਇੰਡੀਆ ਨੇ ਇਕ ਬਿਆਨ 'ਚ ਕਿਹਾ ਕਿ ਭਾਰਤ ਨੇ ਜੂਨ 'ਚ 4,87,147 ਟਨ ਪਾਮ ਆਇਲ ਦਰਾਮਦ ਕੀਤਾ ਜੋ ਫਰਵਰੀ 2014 ਤੋਂ ਸਭ ਤੋਂ ਘੱਟ ਪੱਧਰ ਹੈ। ਉਦਯੋਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਾਮ ਆਇਲ ਦਰਾਮਦ 'ਚ ਜੁਲਾਈ ਤੋਂ ਸੁਧਾਰ ਦੇ ਆਸਾਰ ਹਨ ਕਿਉਂਕਿ ਭਾਰਤ ਨੇ ਸੂਰਜਮੁਖੀ ਅਤੇ ਸੋਇਆਬੀਨ ਵਰਗੇ ਤੇਲਾਂ 'ਤੇ ਇੰਪੋਰਟ ਡਿਊਟੀ ਵਧਾ ਦਿੱਤੀ ਹੈ। ਇਸ ਨਾਲ ਪਾਮ ਆਇਲ ਫਿਰ ਤੋਂ ਮੁਕਾਬਲੇਬਾਜ਼ ਹੋ ਰਿਹਾ ਹੈ।

ਸੂਰਜਮੁਖੀ ਤੇਲ ਦੀ ਦਰਾਮਦ ਰਹੇਗੀ ਸੀਮਤ
ਮੁੰਬਈ ਸਥਿਤ ਬਨਸਪਤੀ ਤੇਲ ਦਰਾਮਦਕਾਰ ਸਨਵਿਨ ਗਰੁੱਪ ਦੇ ਮੁੱਖ ਕਾਰਜਕਾਰੀ ਸੰਦੀਪ ਬਜੋਰੀਆ ਨੇ ਕਿਹਾ ਕਿ ਜੁਲਾਈ ਤੋਂ ਪਾਮ ਆਇਲ ਦੀ ਦਰਾਮਦ ਵਧ ਕੇ ਪ੍ਰਤੀ ਮਹੀਨਾ 7,50,000 ਟਨ ਹੋ ਸਕਦੀ ਹੈ। ਹਾਲ ਹੀ 'ਚ ਕੀਮਤਾਂ 'ਚ ਸੋਧ ਦੀ ਵਜ੍ਹਾ ਨਾਲ ਇਹ ਮੁਕਾਬਲੇਬਾਜ਼ ਹੋ ਗਿਆ ਹੈ। ਮਾਰਚ 'ਚ ਭਾਰਤ ਨੇ ਕੱਚੇ ਪਾਮ ਆਇਲ 'ਤੇ ਇੰਪੋਰਟ ਡਿਊਟੀ 30 ਤੋਂ ਵਧਾ ਕੇ 44 ਫ਼ੀਸਦੀ ਅਤੇ ਰਿਫਾਈਂਡ ਪਾਮ ਆਇਲ 'ਤੇ ਡਿਊਟੀ 44 ਤੋਂ ਵਧਾ ਕੇ 54 ਫ਼ੀਸਦੀ ਕਰ ਦਿੱਤੀ ਸੀ। ਭਾਰਤ ਨੇ ਸਾਫਟ ਤੇਲਾਂ 'ਤੇ ਡਿਊਟੀ ਜਿਓਂ ਦੀ ਤਿਓਂ ਰੱਖੀ ਸੀ, ਜਿਸ ਦੇ ਨਾਲ ਸਥਾਨਕ ਬਾਜ਼ਾਰ 'ਚ ਇਹ ਹੋਰ ਜ਼ਿਆਦਾ ਮੁਕਾਬਲੇਬਾਜ਼ ਹੋ ਗਏ। ਬਜੋਰੀਆ ਨੇ ਕਿਹਾ ਕਿ ਹਾਲਾਂਕਿ ਡਿਊਟੀ 'ਚ ਫਰਕ ਘੱਟ ਹੋ ਚੁੱਕਾ ਹੈ, ਇਸ ਲਈ ਆਉਣ ਵਾਲੇ ਮਹੀਨਿਆਂ 'ਚ ਸੂਰਜਮੁਖੀ ਤੇਲ ਦੀ ਦਰਾਮਦ ਸੀਮਤ ਰਹੇਗੀ।