ਡਾਲਰ ਦੇ ਮੁਕਾਬਲੇ 160 ਦੇ ਕਰੀਬ ਪਹੁੰਚਿਆ ਪਾਕਿਸਤਾਨੀ ਰੁਪਿਆ, ਦੁੱਧ ਹੋਇਆ 200 ਰੁਪਏ ਕਿਲੋ

06/15/2019 1:56:38 PM

ਬਿਜ਼ਨੈੱਸ ਡੈਸਕ — ਗੁਆਂਢੀ ਮੁਲਕ ਪਾਕਿਸਤਾਨ ਦੀ ਵਿੱਤੀ ਹਾਲਤ ਦਿਨੋਂ-ਦਿਨ ਖਰਾਬ ਹੁੰਦੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 158 'ਤੇ ਕਾਰੋਬਾਰ ਕਰਦੇ ਹੋਏ ਦੇਖਿਆ ਗਿਆ। ਇਸ ਦੇ ਨਾਲ ਹੀ ਮੁਲਕ ਵਿਚ ਬਿਜਲੀ ਦੀਆਂ ਕੀਮਤਾਂ 'ਚ ਭਾਰੀ ਵਾਧੇ ਕਾਰਨ ਮਹਿੰਗਾਈ ਆਪਣੇ ਸਿਖਰ ਪੱਧਰ 'ਤੇ ਹੈ। ਦੂਜੇ ਪਾਸੇ ਦੁੱਧ ਦੀ ਕੀਮਤ 200 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਈ ਹੈ।

11 ਦਿਨਾਂ ਤੋਂ ਹੈ ਤੇਜ਼ੀ

ਡਾਨ ਅਖਬਾਰ ਦੀ ਰਿਪੋਰਟ ਦੇ ਅਨੁਸਾਰ ਪਾਕਿਸਤਾਨੀ ਰੁਪਿਆ ਇਸ ਸਾਲ ਦੀ ਸ਼ੁਰੂਆਤ ਤੋਂ ਲਾਗਾਤਾਰ ਡਿੱਗਦਾ ਜਾ ਰਿਹਾ ਹੈ। ਪਿਛਲੇ 11 ਦਿਨਾਂ ਵਿਚ ਲਗਾਤਾਰ ਇਸ ਵਿਚ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ। ਡਾਲਰ ਦੇ ਵਾਧੇ ਕਾਰਨ ਮਹਿੰਗਾਈ ਆਪਣੇ ਨਵੇਂ ਪੱਧਰ 'ਤੇ ਪਹੁੰਚ ਗਈ ਹੈ। ਜੇਕਰ ਇਹ ਹੀ ਹਾਲ ਰਿਹਾ ਤਾਂ ਅਮੀਰ ਲੋਕ ਵੀ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਖਰੀਦਣ ਤੋਂ ਬਚਣਗੇ।

14 ਫਰਵਰੀ ਤੋਂ ਬਾਅਦ ਤੋਂ ਭਾਰਤ ਵਲੋਂ 200 ਫੀਸਦੀ ਡਿਊਟੀ ਲਗਾਉਣ ਤੋਂ ਬਾਅਦ ਪਾਕਿਸਤਾਨ ਵਿਚ ਰੋਜ਼ਾਨਾ ਵਸਤੂਆਂ ਦੀ ਕਮੀ ਹੋ ਗਈ ਹੈ। ਈਦ ਤੋਂ ਪਹਿਲਾਂ ਰਮਜ਼ਾਨ ਦੇ ਮਹੀਨੇ 'ਚ ਕੀਮਤਾਂ ਹੋਰ ਵਧ ਗਈਆਂ ਹਨ, ਜਿਨ੍ਹਾਂ 'ਚ ਵਾਧਾ ਲਗਾਤਾਰ ਅਜੇ ਵੀ ਜਾਰੀ ਹੈ। ਅਜਿਹੇ 'ਚ ਪਾਕਿਸਤਾਨ ਦੇਸ਼ ਵਿਚ ਚਾਹ ਦਾ ਇਕ ਕੱਪ 30 ਤੋਂ 40 ਰੁਪਏ ਦੀ ਕੀਮਤ 'ਚ ਮਿਲ ਰਿਹਾ ਹੈ। ਹੁਣ ਜੇਕਰ ਚਾਹ ਦਾ ਕੱਪ ਇੰਨਾ ਮਹਿੰਗਾ ਹੈ ਤਾਂ ਇਕ ਆਮ ਵਿਅਕਤੀ ਦੋ ਟਾਈਮ ਦੀ ਰੋਟੀ ਲਈ ਕਿੰਨੀ ਜੱਦੋ-ਜਹਿਦ ਕਰ ਰਿਹਾ ਹੋਵੇਗਾ। 

ਪਿਆਜ਼ ਤੋਂ ਲੈ ਕੇ ਖੰਡ ਤੱਕ ਦੀਆਂ ਵਧੀਆਂ ਕੀਮਤਾਂ

ਪਾਕਿਸਤਾਨ ਵਿਚ ਪਿਆਜ਼ ਦੀ ਕੀਮਤ 77.52 ਫੀਸਦੀ, ਤਰਬੂਜ਼ 55.73 ਫੀਸਦੀ, ਟਮਾਟਰ 46.11 ਫੀਸਦੀ, ਨਿੰਬੂ 43.46 ਫੀਸਦੀ ਅਤੇ ਖੰਡ 26.53 ਫੀਸਦੀ ਮਹਿੰਗਾ ਹੋ ਗਿਆ ਹੈ। ਦੁੱਧ ਦੇ ਭਾਅ ਵੀ 180 ਰੁਪਏ ਲਿਟਰ ਤੋਂ ਵਧ ਕੇ ਕਈ ਸ਼ਹਿਰਾਂ ਵਿਚ 200 ਰੁਪਏ ਪ੍ਰਤੀ ਲਿਟਰ ਪਹੁੰਚ ਗਏ। ਗੱਲ ਕਰੀਏ ਫਲਾਂ ਅਤੇ ਮੀਟ ਦੀ ਤਾਂ ਸੇਬ 400 ਰੁਪਏ ਕਿਲੋ, ਸੰਤਰੇ 360 ਰੁਪਏ ਕਿਲੋ ਅਤੇ ਕੇਲੇ 150 ਰੁਪਏ ਦਰਜਨ ਵਿਕ ਰਹੇ ਹਨ। ਪਾਕਿਸਤਾਨ ਵਿਚ ਮਟਨ 1100 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ। 

ਰਸੌਈ ਗੈਸ ਤੋਂ ਲੈ ਕੇ ਵਧ ਗਿਆ ਹੈ ਮਕਾਨ ਦਾ ਕਿਰਾਇਆ

ਲੋਕਾਂ ਨੂੰ ਇਸ ਤੋਂ ਇਲਾਵਾ ਕਿਰਾਏ ਦੇ ਮਕਾਨ ਅਤੇ ਰਸੌਈ ਗੈਸ 'ਤੇ ਭੋਜਨ ਪਕਾਉਣਾ ਵੀ ਮੁਸ਼ਕਲ ਹੋ ਗਿਆ ਹੈ। ਪਿਛਲੇ ਇਕ ਮਹੀਨੇ 'ਚ ਰਸੌਈ ਗੈਸ ਦੀ ਕੀਮਤ 85.31 ਫੀਸਦੀ, ਪੈਟਰੋਲ 23.63 ਫੀਸਦੀ, ਬੱਸ ਕਿਰਾਏ 51.16, ਬਿਜਲੀ 8.48 ਅਤੇ ਮਕਾਨ ਦੇ ਕਿਰਾਏ 'ਚ 6.15 ਫੀਸਦੀ ਤੱਕ ਦਾ ਵਾਧਾ ਹੋਇਆ ਹੈ।

ਸੋਨੇ ਦੀਆਂ ਕੀਮਤਾਂ ਵਿਚ ਹੋਇਆ ਵਾਧਾ

ਪਾਕਿਸਤਾਨ ਵਿਚ ਇਕ ਤੋਲਾ ਸੋਨਾ 75,900 ਰੁਪਏ 'ਚ ਮਿਲ ਰਿਹਾ ਹੈ। 10 ਗ੍ਰਾਮ ਸੋਨੇ ਦੀ ਕੀਮਤ 65072 ਰੁਪਏ ਹੈ। ਪਾਕਿਸਤਾਨ ਬਿਓਰੋ ਆਫ ਸਟੈਟਿਕਸ ਦੇ ਅਨੁਸਾਰ ਕੰਜ਼ਿਊਮਰ ਪ੍ਰਾਈਸ ਇੰਡੈਕਸ 9 ਫੀਸਦੀ ਦੇ ਉੱਪਰ ਬਣਿਆ ਹੋਇਆ ਹੈ। ਮਈ ਵਿਚ ਵੀ ਪਾਕਿਸਤਾਨ ਦਾ ਰੁਪਿਆ ਦੁਨੀਆ 'ਚ ਸਭ ਤੋਂ ਵੱਡੀ ਗਿਰਾਵਟ ਨਾਲ ਬੰਦ ਹੋਇਆ ਸੀ।


Related News