ਪੀ. ਐੱਨ. ਬੀ. ਨੇ ਕੀਤਾ ਚੈੱਕ ਗੁੰਮ, ਹੁਣ ਦੇਵੇਗਾ 20,000 ਰੁਪਏ ਹਰਜਾਨਾ

04/20/2018 10:53:05 PM

ਗੁਰਦਾਸਪੁਰ/ਤਰਨਤਾਰਨ (ਵਿਨੋਦ, ਰਮਨ)-ਜ਼ਿਲਾ ਖਪਤਕਾਰ ਹਿਫਾਜ਼ਤ ਫੋਰਮ ਨੇ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨੂੰ ਚੈੱਕ ਗੁੰਮ ਕਰਨ 'ਤੇ 20,000 ਰੁਪਏ ਹਰਜਾਨਾ ਅਤੇ 5000 ਰੁਪਏ ਅਦਾਲਤੀ ਖਰਚਾ 30 ਦਿਨਾਂ 'ਚ ਅਦਾ ਕਰਨ ਦਾ ਹੁਕਮ ਸੁਣਾਇਆ ਹੈ। ਨਾਲ ਹੀ ਇਮੀਗਰੇਸ਼ਨ ਕੰਪਨੀ ਨੂੰ ਵੀ ਰਾਸ਼ੀ ਵਸੂਲਣ ਲਈ ਕਾਨੂੰਨੀ ਪ੍ਰਕਿਰਿਆ ਅਪਨਾਉਣ ਲਈ ਕਿਹਾ ਹੈ। 


ਕੀ ਹੈ ਮਾਮਲਾ
ਦਲਬੀਰ ਸਿੰਘ ਪੁੱਤਰ ਦੀਦਾਰ ਸਿੰਘ ਨਿਵਾਸੀ ਤਰਨਤਾਰਨ ਨੇ ਦੱਸਿਆ ਕਿ ਉਸ ਨੇ ਇਮੀਗਰੇਸ਼ਨ ਕੰਪਨੀ ਟਾਈਕੂਨਜ਼ ਐਜੂਕੇਸ਼ਨ ਕੰਸਲਟੈਂਟ ਮੋਹਾਲੀ ਕੋਲ ਕੈਨੇਡਾ ਜਾਣ ਲਈ 60,000 ਰੁਪਏ ਵੀਜ਼ਾ ਆਦਿ ਲਈ ਜਮ੍ਹਾ ਕਰਵਾਏ ਸਨ। ਇਮੀਗਰੇਸ਼ਨ ਕੰਪਨੀ ਨੇ ਕਿਹਾ ਸੀ ਕਿ ਵੀਜ਼ਾ ਲਵਾਉਣ 'ਚ ਅਸਫਲ ਰਹਿਣ 'ਤੇ ਉਹ 10,000 ਰੁਪਏ ਕੱਟ ਕੇ 50,000 ਰੁਪਏ ਰਿਫੰਡ ਕਰੇਗੀ। ਕੁਝ ਕਾਰਨਾਂ ਕਰ ਕੇ ਵੀਜ਼ਾ ਪ੍ਰਾਪਤ ਨਾ ਹੋਣ 'ਤੇ ਕੰਪਨੀ ਨੇ ਉਸ ਨੂੰ 50,000 ਰੁਪਏ ਦਾ ਚੈੱਕ ਜਾਰੀ ਕਰ ਦਿੱਤਾ, ਜਿਸ ਨੂੰ ਉਸ ਨੇ ਪੰਜਾਬ ਨੈਸ਼ਨਲ ਬੈਂਕ 'ਚ ਆਪਣੇ ਖਾਤੇ 'ਚ ਜਮ੍ਹਾ ਕਰਵਾ ਦਿੱਤਾ। ਕਿਸੇ ਕਾਰਨ ਕਲੀਅਰਿੰਗ ਨਾ ਹੋਣ ਕਾਰਨ ਚੈੱਕ ਵਾਪਸ ਆ ਗਿਆ ਪਰ ਇਸ ਪ੍ਰਕਿਰਿਆ 'ਚ ਚੈੱਕ ਬੈਂਕ 'ਚ ਹੀ ਕਿਤੇ ਗੁੰਮ ਹੋ ਗਿਆ। ਉਸ ਨੇ ਇਮੀਗਰੇਸ਼ਨ ਕੰਪਨੀ ਨੂੰ ਚੈੱਕ ਕੋਲ ਨਾ ਹੋਣ ਕਾਰਨ ਪੈਸੇ ਰਿਫੰਡ ਕਰਨ ਲਈ ਕਿਹਾ ਪਰ ਨਾ ਤਾਂ ਇਮੀਗਰੇਸ਼ਨ ਕੰਪਨੀ ਅਤੇ ਨਾ ਹੀ ਪੰਜਾਬ ਨੈਸ਼ਨਲ ਬੈਂਕ ਨੇ ਉਸ ਨੂੰ ਪੈਸੇ ਵਾਪਸ ਕੀਤੇ। ਪ੍ਰੇਸ਼ਾਨ ਹੋ ਕੇ ਉਸ ਨੇ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਇਆ।  


ਇਹ ਕਿਹਾ ਫੋਰਮ ਨੇ
ਜ਼ਿਲਾ ਖਪਤਕਾਰ ਹਿਫਾਜ਼ਤ ਫੋਰਮ ਤਰਨਤਾਰਨ ਦੇ ਪ੍ਰਧਾਨ ਨਵੀਨ ਪੁਰੀ ਨੇ ਤਿੰਨਾਂ ਪੱਖਾਂ ਨੂੰ ਨੋਟਿਸ ਜਾਰੀ ਕਰ ਕੇ ਫੋਰਮ ਸਾਹਮਣੇ ਪੇਸ਼ ਹੋਣ ਲਈ ਕਿਹਾ ਪਰ ਟਾਈਕੂਨਜ਼ ਇਮੀਗਰੇਸ਼ਨ ਕੰਪਨੀ ਮੋਹਾਲੀ ਫੋਰਮ ਸਾਹਮਣੇ ਪੇਸ਼ ਨਹੀਂ ਹੋਈ। ਫੋਰਮ ਨੇ ਦੋਹਾਂ ਪੱਖਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਹੁਕਮ ਸੁਣਾਇਆ ਕਿ ਪੰਜਾਬ ਨੈਸ਼ਨਲ ਬੈਂਕ ਪਟੀਸ਼ਨਕਰਤਾ ਨੂੰ ਪੇਸ਼ ਆਈ ਪ੍ਰੇਸ਼ਾਨੀ ਅਤੇ ਆਰਥਿਕ ਨੁਕਸਾਨ ਲਈ 20,000 ਰੁਪਏ ਮੁਆਵਜ਼ੇ ਸਮੇਤ 5000 ਰੁਪਏ ਅਤੇ ਟਾਈਕੂਨਜ਼ ਕੰਪਨੀ ਮੋਹਾਲੀ ਵੱਲੋਂ 50,000 ਰੁਪਏ ਵਸੂਲ ਕਰਨ ਲਈ ਆਉਣ ਵਾਲਾ ਖਰਚਾ 30 ਦਿਨਾਂ 'ਚ ਅਦਾ ਕਰੇ, ਨਹੀਂ ਤਾਂ ਸਾਰੀ ਰਾਸ਼ੀ 9 ਫ਼ੀਸਦੀ ਸਾਲਾਨਾ ਵਿਆਜ ਦਰ ਨਾਲ ਅਦਾ ਕਰਨੀ ਹੋਵੇਗੀ। ਉਥੇ ਹੀ ਇਮੀਗਰੇਸ਼ਨ ਕੰਪਨੀ ਤੋਂ ਗੁੰਮ ਹੋਏ ਚੈੱਕ ਦੀ ਰਿਫੰਡ ਰਾਸ਼ੀ ਪ੍ਰਾਪਤ ਕਰਨ ਲਈ ਪਟੀਸ਼ਨਕਰਤਾ ਨੂੰ ਕਾਨੂੰਨੀ ਰਸਤਾ ਅਪਨਾਉਣ ਲਈ ਕਿਹਾ ਹੈ।