ਅਕਤੂਬਰ ''ਚ ''ਉੱਡੇ'' ਰਿਕਾਰਡ 1.04 ਕਰੋੜ ਯਾਤਰੀ

11/18/2017 1:36:14 AM

ਨਵੀਂ ਦਿੱਲੀ— ਘਰੇਲੂ ਮਾਰਗਾਂ 'ਤੇ ਅਕਤੂਬਰ 'ਚ 1 ਕਰੋੜ 4 ਲੱਖ ਤੋਂ ਜ਼ਿਆਦਾ ਯਾਤਰੀਆਂ ਨੇ ਹਵਾਈ ਯਾਤਰਾ ਕੀਤੀ ਜੋ ਹੁਣ ਤੱਕ ਕਿਸੇ ਵੀ ਇਕ ਮਹੀਨੇ ਦਾ ਰਿਕਾਰਡ ਹੈ।  
ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਅਕਤੂਬਰ 'ਚ ਘਰੇਲੂ ਮਾਰਗਾਂ 'ਤੇ 1 ਕਰੋੜ 4 ਲੱਖ 51 ਹਜ਼ਾਰ ਲੋਕਾਂ ਨੇ ਯਾਤਰਾ ਕੀਤੀ, ਜਦੋਂ ਕਿ ਪਿਛਲੇ ਸਾਲ ਇਸੇ ਮਿਆਦ 'ਚ 86 ਲੱਖ 72 ਹਜ਼ਾਰ ਯਾਤਰੀਆਂ ਨੇ ਹਵਾਈ ਯਾਤਰਾ ਕੀਤੀ ਸੀ। ਇਸ ਤਰ੍ਹਾਂ ਇਸ 'ਚ 20.52 ਫ਼ੀਸਦੀ ਦਾ ਵਾਧਾ ਹੋਇਆ ਹੈ। ਇਹ ਦੂਜਾ ਮੌਕਾ ਹੈ ਜਦੋਂ ਇਕ ਮਹੀਨੇ 'ਚ ਹਵਾਈ ਮੁਸਾਫਰਾਂ ਦੀ ਗਿਣਤੀ 1 ਕਰੋੜ ਤੋਂ ਟੱਪ ਗਈ ਹੈ। ਇਸ ਤੋਂ ਪਹਿਲਾਂ ਇਸ ਸਾਲ ਮਈ 'ਚ ਇਹ ਗਿਣਤੀ 1 ਕਰੋੜ 1 ਲੱਖ 74 ਹਜ਼ਾਰ ਰਹੀ ਸੀ।  ਜਨਵਰੀ ਤੋਂ ਅਕਤੂਬਰ ਦਰਮਿਆਨ ਸਾਲ ਦੇ ਪਹਿਲੇ 10 ਮਹੀਨਿਆਂ 'ਚ ਹਵਾਈ ਯਾਤਰੀਆਂ ਦੀ ਗਿਣਤੀ 17.30 ਫ਼ੀਸਦੀ ਵਧੀ ਹੈ। 
ਪਿਛਲੇ ਸਾਲ ਅਕਤੂਬਰ ਤੱਕ 8 ਕਰੋੜ 13 ਲੱਖ 70 ਹਜ਼ਾਰ ਲੋਕਾਂ ਨੇ ਘਰੇਲੂ ਮਾਰਗਾਂ 'ਤੇ ਯਾਤਰਾ ਕੀਤੀ ਸੀ। ਇਸ ਸਾਲ ਅਕਤੂਬਰ ਤੱਕ ਉਨ੍ਹਾਂ ਦੀ ਗਿਣਤੀ 9 ਕਰੋੜ 54 ਲੱਖ 45 ਹਜ਼ਾਰ 'ਤੇ ਪਹੁੰਚ ਗਈ ਹੈ।