ਖੁੱਲ੍ਹੇ ’ਚ ਵਿਕਣ ਵਾਲੀ ਮਠਿਆਈ ’ਤੇ ਵੀ ਦੱਸਣੀ ਪਵੇਗੀ ਵਰਤੋਂ ਦੀ ਮਿਆਦ

02/25/2020 11:56:10 PM

ਨਵੀਂ ਦਿੱਲੀ (ਭਾਸ਼ਾ)-ਸਰਕਾਰ ਸਥਾਨਕ ਦੁਕਾਨਾਂ ’ਤੇ ਮਿਲਣ ਵਾਲੇ ਖਾਣ-ਪੀਣ ਦੇ ਸਾਮਾਨ ਦੀ ਗੁਣਵੱਤਾ ’ਚ ਸੁਧਾਰ ਲਿਆਉਣ ਲਈ ਕਦਮ ਉਠਾ ਰਹੀ ਹੈ। ਇਸ ਦੇ ਤਹਿਤ ਜੂਨ 2020 ਤੋਂ ਬਾਅਦ ਸਥਾਨਕ ਦੁਕਾਨਦਾਰਾਂ ਨੂੰ ਪਰਾਤਾਂ ਅਤੇ ਡੱਬਿਆਂ ’ਚ ਵਿਕਰੀ ਲਈ ਰੱਖੀ ਗਈ ਮਠਿਆਈ ਲਈ ‘ਤਿਆਰ ਕਰਨ ਦੀ ਤਰੀਕ’ ਅਤੇ ‘ਵਰਤੋਂ ਦੀ ਸਹੀ ਮਿਆਦ’ ਵਰਗੀ ਜਾਣਕਾਰੀ ਦਰਸਾਉਣੀ ਪਵੇਗੀ। ਮੌਜੂਦਾ ਸਮੇਂ ’ਚ ਇਨ੍ਹਾਂ ਵੇਰਵਿਆਂ ਨੂੰ ਪਹਿਲਾਂ ਤੋਂ ਬੰਦ ਮਠਿਆਈ (ਡੱਬਾਬੰਦ ਮਠਿਆਈ) ਦੇ ਡੱਬੇ ’ਤੇ ਜ਼ਿਕਰ ਕਰਨਾ ਲਾਜ਼ਮੀ ਹੈ। ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (ਐੱਫ. ਐੱਸ. ਐੱਸ. ਏ. ਆਈ.) ਨੇ ਸਿਹਤ ਸਬੰਧੀ ਖਤਰ‌ਿਆਂ ਨੂੰ ਵੇਖਦਿਆਂ ਇਹ ਕਦਮ ਚੁੱਕਿਆ ਹੈ। ਖਪਤਕਾਰਾਂ ਨੂੰ ਬੇਹੀ/ਖਾਣ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਮਠਿਆਈਆਂ ਦੀ ਵਿਕਰੀ ਦੀ ਸੂਚਨਾ ਮਿਲਣ ਤੋਂ ਬਾਅਦ ਇਸ ਸਬੰਧ ’ਚ ਇਕ ਹੁਕਮ ਜਾਰੀ ਕੀਤਾ ਗਿਆ ਹੈ।

ਐੱਫ. ਐੱਸ. ਐੱਸ. ਏ. ਆਈ. ਦੇ ਹੁਕਮ ’ਚ ਕਿਹਾ ਗਿਆ ਹੈ, ‘‘ਲੋਕ ਹਿੱਤ ’ਚ ਅਤੇ ਖੁਰਾਕ ਸੁਰੱਖਿਆ ਯਕੀਨੀ ਕਰਨ ਲਈ ਇਹ ਤੈਅ ਕੀਤਾ ਗਿਆ ਹੈ ਕਿ ਖੁੱਲ੍ਹੀ ਵਿਕਰੀ ਵਾਲੀਆਂ ਮਠਿਆਈਆਂ ਦੇ ਮਾਮਲੇ ’ਚ ਵਿਕਰੀ ਲਈ ਰੱਖੀ ਮਠਿਆਈ ਦੇ ਕੰਟੇਨਰ/ਟ੍ਰੇ ’ਤੇ ‘ਬਣਾਉਣ ਦੀ ਤਰੀਕ’ ਅਤੇ ‘ਵਰਤੋਂ ਦੀ ਸਹੀ ਮਿਆਦ’ ਵਰਗੀਆਂ ਜਾਣਕਾਰੀਆਂ ਨੂੰ ਦਰਸਾਉਣਾ ਪਵੇਗਾ।’’ ਇਹ ਹੁਕਮ 1 ਜੂਨ, 2020 ਤੋਂ ਲਾਗੂ ਹੋਵੇਗਾ। ਹੁਕਮ ਅਨੁਸਾਰ ਸੂਬਿਆਂ ਦੇ ਖੁਰਾਕ ਸੁਰੱਖਿਆ ਕਮਿਸ਼ਨਰਾਂ ਨੂੰ ਇਨ੍ਹਾਂ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।

Karan Kumar

This news is Content Editor Karan Kumar